ਐੱਸ. ਏ. ਐੱਸ. ਨਗਰ, 29 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਸੈਕਟਰ-119 ਸਥਿਤ ਟੀ.ਡੀ.ਆਈ. ਹਾਊਸ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਸ਼ੁਰੂ ਕੀਤੀ ਗਈ ਜਾਂਚ ਦੂਜੇ ਦਿਨ ਵੀ ਜਾਰੀ ਰਹੀ। ਸੋਮਵਾਰ ਨੂੰ ਈ.ਡੀ. ਦੀ ਕਰੀਬ 15 ਮੈਂਬਰੀ ਟੀਮ ਵਲੋਂ ਟੀ. ਡੀ. ਆਈ. ਇੰਫਰਾਟੈੱਕ ਲਿਮਟਿਡ ਦੇ ਦਫ਼ਤਰ ਵਿਖੇ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜੋ ਮੰਗਲਵਾਰ ਨੂੰ ਵੀ ਜਾਰੀ ਰਹੀ। ਇਸ ਦੌਰਾਨ ਅਧਿਕਾਰੀਆਂ ਵਲੋਂ ਦਸਤਾਵੇਜ਼ਾਂ ਤੇ ਹੋਰ ਰਿਕਾਰਡ ਦੀ ਜਾਂਚ ਕਰਨ ਦੇ ਨਾਲ ਕੰਪਨੀ ਦੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੇ ਜਾਣ ਦੀ ਜਾਣਕਾਰੀ ਹੈ। ਜਾਣਕਾਰੀ ਅਨੁਸਾਰ ਈ.ਡੀ. ਵਲੋਂ ਪੀ.ਆਰ.-6 ਰੋਡ ਪ੍ਰਾਜੈਕਟ ਨਾਲ ਸੰਬੰਧਿਤ ਜ਼ਮੀਨਾਂ, ਉਨ੍ਹਾਂ ਦੀਆਂ ਰਜਿਸਟਰੀਆਂ ਅਤੇ ਮੁਆਵਜ਼ੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਜ਼ਮੀਨ ਦੀ ਵਰਤੋਂ ਤੇ ਰਜਿਸਟਰੀਆਂ ਨਾਲ ਸੰਬੰਧਿਤ ਨਿਯਮਾਂ ਦੀ ਕਥਿਤ ਉਲੰਘਣਾ, ਜਿਸ ਵਿਚ ਸੈਕਸ਼ਨ-11 ਨਾਲ ਸੰਬੰਧਿਤ ਮਾਮਲਾ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ, ਦੀ ਜਾਂਚ ਕੀਤੇ ਜਾਣ ਦੀ ਜਾਣਕਾਰੀ ਹੈ।