ਰਖਵਾਲੇ ਹੀ ਬਣੇ ਲੁਟੇਰੇ: ਬੰਬ ਡਿਸਪੋਜ਼ਲ ਟੀਮ ਦੇ ਪੁਲਿਸ ਮੁਲਾਜ਼ਮ ਦੇ ਘਰੋਂ ਬਰਾਮਦ ਹੋਇਆ ਮੋਹਾਲੀ ’ਚ ਚੋਰੀ ਹੋਇਆ ਸਾਮਾਨ
ਰਾਮਪੁਰਾ ਫੂਲ, 11 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਇੱਕ ਪਾਸੇ ਜਿੱਥੇ ਆਮ ਜਨਤਾ ਸੁਰੱਖਿਆ ਲਈ ਪੁਲਿਸ ’ਤੇ ਭਰੋਸਾ ਕਰਦੀ ਹੈ, ਉੱਥੇ ਹੀ ਜਦੋਂ ਪੁਲਿਸ ਮੁਲਾਜ਼ਮ ਹੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਪਾਏ ਜਾਣ, ਤਾਂ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ । ਤਾਜ਼ਾ ਮਾਮਲਾ ਰਾਮਪੁਰਾ ਫੂਲ ਦਾ ਹੈ, ਜਿੱਥੇ ਮੋਹਾਲੀ ਵਿਚ ਹੋਈ ਇੱਕ ਚੋਰੀ ਦੀ ਵਾਰਦਾਤ ਦੀ ਤਫ਼ਤੀਸ਼ ਦੌਰਾਨ ਪੁਲਿਸ ਨੂੰ ਇੱਕ ਅਜਿਹੇ ਵਿਅਕਤੀ ਦੇ ਘਰੋਂ ਚੋਰੀ ਦਾ ਸਾਮਾਨ ਬਰਾਮਦ ਹੋਇਆ ਹੈ, ਜੋ ਖ਼ੁਦ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਤਾਇਨਾਤ ਹੈ।
ਰਾਮਪੁਰਾ ਫੂਲ, 11 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਇੱਕ ਪਾਸੇ ਜਿੱਥੇ ਆਮ ਜਨਤਾ ਸੁਰੱਖਿਆ ਲਈ ਪੁਲਿਸ ’ਤੇ ਭਰੋਸਾ ਕਰਦੀ ਹੈ, ਉੱਥੇ ਹੀ ਜਦੋਂ ਪੁਲਿਸ ਮੁਲਾਜ਼ਮ ਹੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਪਾਏ ਜਾਣ, ਤਾਂ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ । ਤਾਜ਼ਾ ਮਾਮਲਾ ਰਾਮਪੁਰਾ ਫੂਲ ਦਾ ਹੈ, ਜਿੱਥੇ ਮੋਹਾਲੀ ਵਿਚ ਹੋਈ ਇੱਕ ਚੋਰੀ ਦੀ ਵਾਰਦਾਤ ਦੀ ਤਫ਼ਤੀਸ਼ ਦੌਰਾਨ ਪੁਲਿਸ ਨੂੰ ਇੱਕ ਅਜਿਹੇ ਵਿਅਕਤੀ ਦੇ ਘਰੋਂ ਚੋਰੀ ਦਾ ਸਾਮਾਨ ਬਰਾਮਦ ਹੋਇਆ ਹੈ, ਜੋ ਖ਼ੁਦ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਤਾਇਨਾਤ ਹੈ। ਇਸ ਘਟਨਾ ਨੇ ਨਾ ਸਿਰਫ਼ ਪੁਲਿਸ ਵਿਭਾਗ ਦੇ ਅੰਦਰਲੇ ਅਨੁਸ਼ਾਸਨ ’ਤੇ ਸਵਾਲ ਖੜ੍ਹੇ ਕੀਤੇ ਹਨ, ਬਲਕਿ ਆਮ ਲੋਕਾਂ ਵਿਚ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਬੇਚੈਨੀ ਪੈਦਾ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਮਾਮਲਾ 2 ਅਕਤੂਬਰ 2026 ਨੂੰ ਮੋਹਾਲੀ ਵਿਖੇ ਵਾਪਰੀ ਇੱਕ ਚੋਰੀ ਦੀ ਵਾਰਦਾਤ ਨਾਲ ਸਬੰਧਿਤ ਹੈ । ਗੁਨਰਾਜ ਸਿੰਘ ਨਾਮਕ ਵਿਅਕਤੀ ਦੀ ਕਾਰ, ਜੋ ਕਿ ਐਚ.ਐਲ.ਪੀ. ਗਲੇਰੀਆ, ਮੋਹਾਲੀ ਦੇ ਪਿਛਲੇ ਪਾਸੇ ਖੜ੍ਹੀ ਸੀ, ਦਾ ਸ਼ੀਸ਼ਾ ਤੋੜ ਕੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ 3 ਲੈਪਟਾਪ, 2 ਕਿੰਡਲ, ਇੱਕ ਆਈ ਪੈਡ, ਪਰਸ ਤੇ ਹੋਰ ਜ਼ਰੂਰੀ ਕਾਗ਼ਜ਼ਾਤ ਚੋਰੀ ਕਰ ਲਏ ਗਏ ਸਨ। ਇਸ ਸੰਬੰਧੀ ਗੁਨਰਾਜ ਸਿੰਘ ਨੇ ਥਾਣਾ ਫ਼ੇਜ਼ 8, ਮੋਹਾਲੀ ਵਿਖੇ 7 ਅਕਤੂਬਰ 2026 ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵਲੋਂ ਇਸ ਮਾਮਲੇ ਵਿਚ ਮੁਕੱਦਮਾ ਨੰਬਰ 0142 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ । ਰਾਮਪੁਰਾ ਫੂਲ ’ਚ ਪੁਲਿਸ ਦੀ ਛਾਪੇਮਾਰੀ : ਮੋਹਾਲੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਸੁਰਾਗਾਂ ਦੇ ਆਧਾਰ ’ਤੇ ਰਾਮਪੁਰਾ ਫੂਲ ਦੇ ਮੌੜ ਰੋਡ ਸਥਿਤ ਇੱਕ ਘਰ ਵਿਚ ਛਾਪੇਮਾਰੀ ਕੀਤੀ ਗਈ । ਰਾਮਪੁਰਾ ਫੂਲ ਪੁਲਿਸ ਮੁਖੀ ਰਾਜਪਾਲ ਸਿੰਘ ਨੇ ਦੱਸਿਆ ਕਿ ਮੋਹਾਲੀ ਪੁਲਿਸ ਵਲੋਂ ਉਨ੍ਹਾਂ ਨੂੰ ਇਸ ਕਾਰਵਾਈ ਵਿਚ ਮਦਦ ਲਈ ਨਾਲ ਲਿਆ ਗਿਆ ਸੀ, ਜਿਸ ਘਰ ਵਿਚ ਛਾਪੇਮਾਰੀ ਕੀਤੀ ਗਈ, ਉਹ ਉਸ ਵਿਅਕਤੀ ਦਾ ਹੀ ਹੈ, ਜੋ ਕਿ 6 ਆਈ.ਆਰ.ਬੀ. ਵਿਚ ਬਤੌਰ ਸਿਪਾਹੀ ਤਾਇਨਾਤ ਹੈ ਤੇ ਮੌਜੂਦਾ ਸਮੇਂ ਵਿਚ ਬੰਬ ਡਿਸਪੋਜ਼ਲ ਟੀਮ ਵਿਚ ਆਪਣੀ ਡਿਊਟੀ ਨਿਭਾਅ ਰਿਹਾ ਹੈ । ਪੁਲਿਸ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਕਾਂਸਟੇਬਲ ਦੇ ਘਰੋਂ, ਜੋ ਕਿ ਪੱਤੋ ਵਾਲਿਆਂ ਦੀ ਕਲੋਨੀ ਵਿਚ ਸਥਿਤ ਹੈ, ਚੋਰੀ ਹੋਇਆ ਸਾਮਾਨ ਬਰਾਮਦ ਕੀਤਾ ਗਿਆ । ਇਸ ਸਾਮਾਨ ਵਿਚ 3 ਲੈਪਟਾਪ, 2 ਮੋਬਾਈਲ ਫ਼ੋਨ, ਇੱਕ ਕਰੇਟਾ ਕਾਰ ਅਤੇ ਹੋਰ ਸਾਮਾਨ ਸ਼ਾਮਿਲ ਹੈ । ਇਹ ਬਰਾਮਦਗੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸ਼ਾਇਦ ਇਸ ਵਿਅਕਤੀ ਜਾਂ ਉਸਦੇ ਕਿਸੇ ਨਜ਼ਦੀਕੀ ਦਾ ਇਸ ਚੋਰੀ ਦੀ ਵਾਰਦਾਤ ਵਿਚ ਹੱਥ ਹੋ ਸਕਦਾ ਹੈ । ਇੱਕ ਪੁਲਿਸ ਮੁਲਾਜ਼ਮ ਦੇ ਘਰੋਂ ਚੋਰੀ ਦਾ ਸਾਮਾਨ ਬਰਾਮਦ ਹੋਣਾ ਪੁਲਿਸ ਵਿਭਾਗ ਲਈ ਬਹੁਤ ਹੀ ਸ਼ਰਮਨਾਕ ਹੈ। ਇਸ ਮਾਮਲੇ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ । ਕੀ ਇਹ ਸਿਪਾਹੀ ਕਿਸੇ ਗਿਰੋਹ ਦਾ ਹਿੱਸਾ ਹੈ ? ਕੀ ਉਸ ਨੇ ਆਪਣੇ ਅਹੁਦੇ ਦਾ ਫ਼ਾਇਦਾ ਚੁੱਕ ਕੇ ਇਹ ਚੋਰੀ ਕੀਤੀ ਜਾਂ ਚੋਰੀ ਦਾ ਸਾਮਾਨ ਛੁਪਾਉਣ ਵਿਚ ਮਦਦ ਕੀਤੀ ? ਕੀ ਉਸ ਦੇ ਹੋਰ ਵੀ ਸਾਥੀ ਇਸ ਵਿਚ ਸ਼ਾਮਲ ਹਨ ? ਇਹ ਸਾਰੇ ਸਵਾਲ ਡੂੰਘੀ ਜਾਂਚ ਦੀ ਮੰਗ ਕਰਦੇ ਹਨ । ਪੁਲਿਸ ਵਲੋਂ ਇਸ ਮਾਮਲੇ ਵਿਚ ਅਗਲੀ ਕਾਰਵਾਈ ਜਾਰੀ ਹੈ ।