ਸਿੰਧ ’ ਚ ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਫਟਣ ਕਾਰਨ ਨਵਜੰਮੇ ਬੱਚੇ ਸਮੇਤ 10 ਮੌਤਾਂ
ਅੰਮ੍ਰਿਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਥਾਰਪਾਰਕਰ ਜ਼ਿਲ੍ਹੇ ਅਧੀਨ ਪੈਂਦੇ ਨਗਰਪਾਰਕਰ ਦੇ ਦਾਨੋ ਧਾਂਧਲ ਇਲਾਕੇ ’ਚ ਐਂਬੂਲੈਂਸ ਅੰਦਰ ਗੈਸ ਸਿਲੰਡਰ ਫਟਣ ਕਾਰਨ ਹਿੰਦੂ ਪਰਿਵਾਰ ਦੇ ਇਕ ਨਵਜੰਮੇ ਬੱਚੇ ਅਤੇ ਤਿੰਨ ਔਰਤਾਂ ਸਮੇਤ ਕੁੱਲ 10 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ’ਚ ਹਿੰਦੂ ਪਰਿਵਾਰ ਦੇ ਪੰਜ ਜੀਅ ਵੀ ਸ਼ਾਮਿਲ ਹਨ।
ਅੰਮ੍ਰਿਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਥਾਰਪਾਰਕਰ ਜ਼ਿਲ੍ਹੇ ਅਧੀਨ ਪੈਂਦੇ ਨਗਰਪਾਰਕਰ ਦੇ ਦਾਨੋ ਧਾਂਧਲ ਇਲਾਕੇ ’ਚ ਐਂਬੂਲੈਂਸ ਅੰਦਰ ਗੈਸ ਸਿਲੰਡਰ ਫਟਣ ਕਾਰਨ ਹਿੰਦੂ ਪਰਿਵਾਰ ਦੇ ਇਕ ਨਵਜੰਮੇ ਬੱਚੇ ਅਤੇ ਤਿੰਨ ਔਰਤਾਂ ਸਮੇਤ ਕੁੱਲ 10 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ’ਚ ਹਿੰਦੂ ਪਰਿਵਾਰ ਦੇ ਪੰਜ ਜੀਅ ਵੀ ਸ਼ਾਮਿਲ ਹਨ। ਮ੍ਰਿਤਕਾਂ ਦੀ ਪਛਾਣ ਪ੍ਰਦੀਪ ਕੁਮਾਰ ਭੀਲ (25), ਪਾਂਡੀ ਰਾਜੜ (54), ਦੀਨੋ ਮੇਘਵਾਰ (45), ਲਛਮਣ ਮੇਘਵਾਰ (35), ਜਸਵੰਤ ਕੁਮਾਰ ਮੇਘਵਾਰ (30), ਮੁਹੰਮਦ ਇਸਹਾਕ ਥੇਬੋ (40), ਕਰੀਮਨ (65), ਲਾਡੋ (40), ਰਾਜੂ (40) ਅਤੇ ਇਕ ਨਵਜੰਮੇ ਬੱਚੇ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਇਕ ਨਵਜੰਮੇ ਬੱਚੇ ਅਤੇ ਹੋਰ ਮਰੀਜ਼ਾਂ ਨੂੰ ਦਾਨੋ ਧਾਂਧਲ ਹਸਪਤਾਲ ਤੋਂ ਇਲਾਜ ਲਈ ਮਿਠੀ ਹਸਪਤਾਲ ਲਿਜਾਇਆ ਜਾ ਰਿਹਾ ਸੀ। ਐਂਬੂਲੈਂਸ ’ਚ ਰੱਖਿਆ ਆਕਸੀਜਨ ਸਿਲੰਡਰ ਅਚਾਨਕ ਫੱਟ ਗਿਆ, ਜਿਸ ਨਾਲ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਉਕਤ ਹਿੰਦੂ ਪਰਿਵਾਰ ਸਮੇਤ ਹਸਪਤਾਲ ਦਾ ਅਮਲਾ ਅਤੇ ਐਂਬੂਲੈਂਸ ਨੇੜੇ ਮੌਜੂਦ ਸਥਾਨਕ ਨਾਗਰਿਕ ਵੀ ਸ਼ਾਮਿਲ ਸਨ। ਹਾਦਸੇ ’ਚ ਜ਼ਖ਼ਮੀ ਹੋਏ ਹੋਰ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਬਿਹਤਰ ਇਲਾਜ ਲਈ ਕਰਾਚੀ ਰੈਫ਼ਰ ਕਰ ਦਿੱਤਾ ਗਿਆ ਹੈ, ਜਦਕਿ ਮ੍ਰਿਤਕਾਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਮਿਠੀ ਪਹੁੰਚਾਉਣ ਤੋਂ ਬਾਅਦ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਜੱਦੀ ਪਿੰਡਾਂ ’ਚ ਭੇਜ ਦਿੱਤਾ ਗਿਆ। ਥਾਰਪਾਰਕਰ ਦੇ ਐੱਸ. ਐੱਸ. ਪੀ. ਆਰਿਫ਼ ਅਜ਼ੀਜ਼ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਹਾਦਸੇ ਦਾ ਕਾਰਨ ਆਕਸੀਜਨ ਸਿਲੰਡਰ ਫਟਣਾ ਸਾਹਮਣੇ ਆਇਆ ਹੈ। ਸਿੰਧ ਦੇ ਗ੍ਰਹਿ ਤੇ ਕਾਨੂੰਨ ਮੰਤਰੀ ਜ਼ਿਆ-ਉਲ-ਹਸਨ ਲੰਜਾਰ ਨੇ ਹਾਦਸੇ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਤੋਂ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਇਸ ਦੇ ਨਾਲ ਹੀ ਪਾਕਿ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ।