ਵਿੱਤ ਮੰਤਰੀ ਨਾਲ ਮੀਟਿੰਗ ਉਪਰੰਤ ਸੰਘਰਸ਼ਸ਼ੀਲ ਅਧਿਆਪਕਾਂ ਨੇ ਦੂਜੇ ਦਿਨ ਮੁੱਖ ਮੰਤਰੀ ਨਿਵਾਸ ਵੱਲ ਜਾਣ ਦਾ ਪ੍ਰੋਗਰਾਮ ਕੀਤਾ ਰੱਦ
ਸੰਗਰੂਰ, 15 ਨਵੰਬਰ (ਅਮਨਦੀਪ ਸਿੰਘ ਬਿੱਟਾ)– 4161 ਮਾਸਟਰ ਕੇਡਰ ਰੀਕਾਸਟ ਸੂਚੀ ਪ੍ਰਭਾਵਿਤ 253 ਅਧਿਆਪਕ ਅੱਜ ਦੂਜੇ ਦਿਨ ਮੁੜ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਸਥਿਤ ਵੇਰਕਾ ਪਲਾਂਟ ਵਿਖੇ ਡਟੇ ਰਹੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਨਿਵਾਸ ਬਾਹਰ ਇਸ ਯੂਨੀਅਨ ਦੀ ਪੁਲਿਸ ਨਾਲ ਤਿੱਖੀਆਂ ਝੜਪਾਂ ਹੋਈਆਂ ਸਨ ਅਤੇ ਅੱਜ ਪ੍ਰਸ਼ਾਸਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਉਨ੍ਹਾਂ ਦੀ ਮੀਟਿੰਗ ਸੰਗਰੂਰ ਵਿਖੇ ਹੀ ਕਰਵਾਈ।
ਸੰਗਰੂਰ, 15 ਨਵੰਬਰ (ਅਮਨਦੀਪ ਸਿੰਘ ਬਿੱਟਾ)– 4161 ਮਾਸਟਰ ਕੇਡਰ ਰੀਕਾਸਟ ਸੂਚੀ ਪ੍ਰਭਾਵਿਤ 253 ਅਧਿਆਪਕ ਅੱਜ ਦੂਜੇ ਦਿਨ ਮੁੜ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਸਥਿਤ ਵੇਰਕਾ ਪਲਾਂਟ ਵਿਖੇ ਡਟੇ ਰਹੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਨਿਵਾਸ ਬਾਹਰ ਇਸ ਯੂਨੀਅਨ ਦੀ ਪੁਲਿਸ ਨਾਲ ਤਿੱਖੀਆਂ ਝੜਪਾਂ ਹੋਈਆਂ ਸਨ ਅਤੇ ਅੱਜ ਪ੍ਰਸ਼ਾਸਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਉਨ੍ਹਾਂ ਦੀ ਮੀਟਿੰਗ ਸੰਗਰੂਰ ਵਿਖੇ ਹੀ ਕਰਵਾਈ। ਯੂਨੀਅਨ ਆਗੂ ਬਲਕਾਰ ਸਿੰਘ ਮਘਾਣੀਆ, ਲਵਪ੍ਰੀਤ ਸਿੰਘ ਤਰਨ ਤਾਰਨ, ਕ੍ਰਿਸ਼ਨ ਸਿੰਘ, ਬਲਜਿੰਦਰ ਸਿੰਘ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਆਗੂ ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਲਕੇ 16 ਨਵੰਬਰ ਨੂੰ ਅਦਾਲਤ ਵਿਚ ਹੋਣ ਵਾਲੀ ਤਰੀਕ ਦੌਰਾਨ ਸਰਕਾਰ ਉਨ੍ਹਾਂ ਦੇ ਹੱਕ ਵਿਚ ਆਪਣਾ ਪੱਖ ਰੱਖੇਗੀ। ਵਿੱਤ ਮੰਤਰੀ ਦੇ ਇਸ ਭਰੋਸੇ ਉਪਰੰਤ ਯੂਨੀਅਨ ਨੇ ਸੰਗਰੂਰ ਵਿਚ ਤਾਲਮੇਲ ਸੰਘਰਸ਼ ਕਮੇਟੀ ਮੁਲਾਜ਼ਮ, ਪੈਨਸ਼ਨਰ ਦੇ ਕੈਂਪ ਵਿਚ ਹੀ ਰਾਤ ਕੱਟਣ ਦਾ ਫ਼ੈਸਲਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਜੇ ਭਲਕੇ ਅਦਾਲਤ ਵਿਚ ਸਰਕਾਰ ਉਨ੍ਹਾਂ ਦੀ ਨੌਕਰੀਆਂ ਵਿਚ ਨਾ ਭੁਗਤੀ ਅਤੇ ਉਨ੍ਹਾਂ ਦੀ ਨੌਕਰੀਆਂ ਬਚਾਉਣ ਦੀ ਕੋਈ ਚਾਰਾਜੋਈ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਵਿੱਢ ਦੇਣਗੇ। ਪ੍ਰਦਰਸ਼ਨਕਾਰੀਆਂ ਖ਼ਾਸ ਤੌਰ ਉੱਤੇ ਮਹਿਲਾ ਅਧਿਆਪਿਕਾਂ ਪ੍ਰਿਯਾ, ਗਜਲਪ੍ਰੀਤ ਕੌਰ, ਜਤਿੰਦਰ ਕੌਰ ਪਾਤੜਾ, ਰਮਨਦੀਪ ਕਪੂਰਥਲਾ, ਨੇ ਆਪਣੇ ਖ਼ੂਨ ਨਾਲ ਦੂਜੀ ਵਾਰ ਪੰਜਾਬ ਸਰਕਾਰ ਦੇ ਨਾਂਅ ਖੁੱਲ੍ਹਾ ਪੱਤਰ ਲਿਖਦਿਆਂ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸੇ ਤਰ੍ਹਾਂ ਦਾ ਪੱਤਰ ਬੀਤੇ ਦਿਨੀਂ ਵੀ ਪ੍ਰਦਰਸ਼ਨਕਾਰੀਆਂ ਨੇ ਲਿਖਿਆ ਸੀ।