ਠੱਠੀ ਭਾਈ, 30 ਜਨਵਰੀ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਦਿੱਤੇ ਗਏ ਮਜ਼ਬੂਤ ਸਿਆਸੀ ਥਾਪੜੇ ਨਾਲ ਨਾ ਸਿਰਫ ਜਥੇਦਾਰ ਮਾਹਲਾ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ, ਸਗੋਂ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਵੀ ਸੂਬੇ ਦੀ ਅਕਾਲੀ ਸਿਆਸਤ ਵਿਚ ਹੋਰ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਆਇਆ ਹੈ | ਜ਼ਿਕਰਯੋਗ ਹੈ ਕਿ ਜਥੇਦਾਰ ਤੀਰਥ ਸਿੰਘ ਮਾਹਲਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਵਜੋਂ ਦਿਨ-ਰਾਤ ਪਾਰਟੀ ਤੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ | ਉਨ੍ਹਾਂ ਦੀ ਨਿਰੰਤਰ ਮਿਹਨਤ, ਜ਼ਮੀਨੀ ਪੱਧਰ 'ਤੇ ਮਜ਼ਬੂਤ ਪਕੜ ਤੇ ਵਰਕਰਾਂ ਨਾਲ ਸਿੱਧੀ ਸੰਪਰਕ ਰਣਨੀਤੀ ਨੇ ਹਲਕੇ 'ਚ ਅਕਾਲੀ ਦਲ ਨੂੰ ਨਵੀਂ ਊਰਜਾ ਦਿੱਤੀ ਹੈ | ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਮਾਹਲਾ 'ਤੇ ਦਿਖਾਇਆ ਗਿਆ ਭਰੋਸਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਪਾਰਟੀ ਦੀ ਉੱਚ ਕਮਾਨ ਉਨ੍ਹਾਂ ਦੀ ਲੀਡਰਸ਼ਿਪ, ਤਜਰਬੇ ਤੇ ਸੰਗਠਨ ਕਾਬਲੀਅਤ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ | ਇਲਾਕੇ ਦੇ ਅਕਾਲੀ ਆਗੂਆਂ ਸਰਕਲ ਥਰਾਜ ਦੇ ਪ੍ਰਧਾਨ ਇਕੱਤਰ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਠੱਠੀ ਭਾਈ ਪ੍ਰੀਤਮ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਮਿਲੇ ਵੱਡੇ ਮਾਨ ਸਨਮਾਨ ਉਪਰੰਤ ਕਿਹਾ ਕਿ ਜਥੇਦਾਰ ਤੀਰਥ ਸਿੰਘ ਮਾਹਲਾ ਹਮੇਸ਼ਾ ਲੋਕ ਮੁੱਦਿਆਂ ਨੂੰ ਪਹਿਲ ਦੇ ਕੇ ਹੱਲ ਕਰਵਾਉਣ ਲਈ ਅੱਗੇ ਆਉਂਦੇ ਹਨ | ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਸਿਆਸੀ ਥਾਪੜੇ ਨਾਲ ਇਹ ਸਾਫ਼ ਹੋ ਗਿਆ ਹੈ ਕਿ ਪਾਰਟੀ ਬਾਘਾ ਪੁਰਾਣਾ ਨੂੰ ਰਾਜਨੀਤਕ ਤੌਰ 'ਤੇ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਗੰਭੀਰ ਹੈ, ਜਿਸ ਦਾ ਸਿੱਧਾ ਲਾਭ ਇਲਾਕੇ ਦੇ ਲੋਕਾਂ ਤੇ ਅਕਾਲੀ ਦਲ ਦੇ ਸੰਗਠਨ ਨੂੰ ਮਿਲੇਗਾ |