ਕੇਂਦਰੀ ਬਜਟ ਨੂੰ ਕਿਸੇ ਨੇ ਸਲਾਹਿਆ ਤੇ ਕਿਸੇ ਨਾ ਨਕਾਰਿਆ
ਅਜੀਤ ਡੈਸਕ
02-02-2026
ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ, ਗੁਰਮੀਤ ਸਿੰਘ ਖ਼ਾਲਸਾ
ਮੋਗਾ, 1 ਫਰਵਰੀ- ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸਾਲ 2026-27 ਦਾ ਜੋ ਬਜਟ ਪੇਸ਼ ਕੀਤਾ ਗਿਆ ਹੈ ਉਸ 'ਚ ਭਾਵੇਂ ਕਿ ਬਹੁਤ ਸਾਰੀਆਂ ਸਹੂਲਤਾਂ ਦਾ ਅਦਾਨ ਪ੍ਰਦਾਨ ਵੀ ਕੀਤਾ ਗਿਆ ਹੈ ਪਰ ਕੁਝ ਵਰਗਾਂ ਨੂੰ ਇਸ 'ਚ ਮਨਫ਼ੀ ਰੱਖਣ ਨਾਲ ਕੁਝ ਲੋਕਾਂ 'ਚ ਬਜਟ ਪ੍ਰਤੀ ਇਤਰਾਜ਼ ਵੀ ਜਤਾਇਆ ਜਾ ਰਿਹਾ ਹੈ | ਪੇਸ਼ ਹਨ ਬਜਟ ਸਬੰਧੀ ਵੱਖ-ਵੱਖ ਸ਼ਖ਼ਸੀਅਤਾਂ ਦੇ ਵਿਚਾਰ:-
ਬਜਟ 'ਚ ਸਕੂਲ ਸਿੱਖਿਆ ਦੇ ਖੇਤਰ ਨੂੰ ਵੱਧ ਤਰਜੀਹ-ਡਾ. ਸੰਜੀਵ ਸੈਣੀ
ਮੋਗਾ-ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਬਜਟ ਵਿਚ ਸਕੂਲ ਸਿੱਖਿਆ ਦੇ ਖੇਤਰ ਨੂੰ ਵੱਧ ਤਰਜੀਹ ਦਿੱਤੀ ਗਈ ਹੈ ਕਿਉਂਕਿ ਸਕੂਲਾਂ ਤੋਂ ਬੱਚਿਆਂ ਦੀ ਇਕ ਵਧੀਆ ਨੀਂਹ ਉਸਰਨੀ ਹੁੰਦੀ ਹੈ | ਸਕੂਲ ਸਿੱਖਿਆ ਤੇ ਲਿਖਣ ਪੜ੍ਹਨ ਲਈ ਸੰਸਥਾਵਾਂ ਨੂੰ ਵੱਡਾ ਹਿੱਸਾ ਦਿੱਤਾ ਗਿਆ ਹੈ | ਉੱਚ ਸਿੱਖਿਆ ਕਾਲਜ ਯੂਨੀਵਰਸਿਟੀ ਲਈ ਵੀ ਵੱਡੀ ਰਾਸ਼ੀ ਰੱਖੀ ਗਈ ਹੈ | 15 ਹਜ਼ਾਰ ਸਕੂਲਾਂ ਤੇ 500 ਕਾਲਜਾਂ ਵਿਚ ਵੀਜ਼ੂਅਲ ਲੈਬ, ਗੇਮਿੰਗ ਐਮੀਨੇਸ਼ਨ ਵਰਗੀਆਂ ਸਿਖਲਾਈਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ ਜੋ ਕਿ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਰਹਿਣਗੀਆਂ |
ਬਜਟ ਮਹਿਜ਼ ਇਕ ਡਰਾਮਾ-ਡਾ. ਪਵਨ ਥਾਪਰ
ਮੋਗਾ-ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਬਜਟ ਮਹਿਜ਼ ਇਕ ਡਰਾਮਾ ਬਜਟ ਹੈ | ਇਸ ਵਿਚ ਗ਼ਰੀਬ ਤੇ ਮਜ਼ਦੂਰ ਲਈ ਕੁਝ ਨਹੀਂ | ਪਿਛਲੇ ਸਾਲ ਮਨਰੇਗਾ ਰੁਜ਼ਗਾਰ ਲਈ 86 ਹਜ਼ਾਰ ਕਰੋੜ ਰੁਪਏ ਰੱਖੇ ਗਏ ਸਨ ਉਸ ਵਿਚੋਂ ਵੀ ਅੱਧਾ ਨਹੀਂ ਦਿੱਤਾ ਗਿਆ ਤੇ ਹੁਣ ਵੀ ਮਨਰੇਗਾ ਸਕੀਮ ਦਾ ਕੇਂਦਰ ਵਲੋਂ ਗਲਾ ਘੁੱਟਿਆ ਜਾ ਰਿਹਾ ਹੈ | ਇਹ ਪ੍ਰਗਟਾਵਾ ਡਾ. ਪਵਨ ਥਾਪਰ ਨੇ ਬਜਟ ਦੇ ਸਬੰਧ ਵਿਚ ਬੋਲਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਧਦੀ ਆਬਾਦੀ ਦੇ ਮੱਦੇਨਜ਼ਰ ਪੋਸਟ ਸਕਾਲਰਸ਼ਿਪ ਵਿਚ ਵੀ ਵਾਧਾ ਕਰਨਾ ਚਾਹੀਦਾ ਸੀ ਪਰ ਉਹ ਵੀ ਵਧਾਈ ਨਹੀਂ ਗਈ | ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਵਿਚ ਵੀ ਏਮਜ਼ ਹਸਪਤਾਲ ਬਣਾਉਣ ਲਈ ਦਸ ਫ਼ੀਸਦੀ ਵਧਾਇਆ ਗਿਆ ਹੈ ਤੇ ਇਸ ਦਾ ਲਾਭ ਸਿੱਧੇ ਤੌਰ 'ਤੇ ਲੋਕਾਂ ਨੂੰ ਹੋਣ ਵਾਲਾ ਨਹੀਂ ਕਿਉਂਕਿ ਇਸ ਦਾ ਜ਼ਿਆਦਾ ਖ਼ਰਚ ਬਿਲਡਿੰਗਾਂ 'ਤੇ ਕੀਤਾ ਜਾਵੇਗਾ | ਆਯੂਸ਼ਮਾਨ ਸਕੀਮ ਫ਼ੇਲ੍ਹ ਹੋ ਚੁੱਕੀ ਹੈ |
ਫ਼ਸਲਾਂ ਦੇ ਲਾਗਤ ਖ਼ਰਚੇ ਘਟਾਉਣ ਲਈ ਮੌਜੂਦਾ ਬਜਟ ਨਾਂਹਪੱਖੀ-ਡਾ. ਬਰਾੜ
ਮੋਗਾ- ਡਾ. ਜਸਵਿੰਦਰ ਸਿੰਘ ਬਰਾੜ ਮੋਗਾ ਸਾਬਕਾ ਖੇਤੀਬਾੜੀ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਖੇਤੀਬਾੜੀ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੈ, ਦੇਸ਼ ਦੀ ਆਰਥਿਕਤਾ ਤੇ ਅੰਨ ਸੁਰੱਖਿਆ ਅਹਿਮ ਹੈ | ਬਜਟ ਵਿਚ ਇਨ੍ਹਾਂ ਖੇਤਰਾਂ ਵਿਚ ਸੁਧਾਰ ਤੇ ਵਿਕਾਸ ਕਰਨ ਲਈ ਵਿਸ਼ੇਸ਼ ਯਤਨ 'ਤੇ ਬਜਟ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਸੀ ਕਿਉਂਕਿ ਵਾਤਾਵਰਨ ਪ੍ਰਦੂਸ਼ਣ, ਜਲਵਾਯੂ ਤਬਦੀਲੀ, ਕੁਦਰਤੀ ਸਰੋਤਾਂ ਦੀ ਸੰਭਾਲ, ਕਿਸਾਨਾਂ ਦੀ ਆਮਦਨ ਆਦਿ ਲਗਾਤਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਤੇ ਫ਼ਸਲਾਂ ਦੇ ਲਾਗਤ ਖ਼ਰਚੇ ਤੇ ਘਰੇਲੂ ਖ਼ਰਚੇ ਲਗਾਤਾਰ ਵਧਦੇ ਜਾ ਰਹੇ ਹਨ | ਪੰਜਾਬ ਸੂਬੇ ਵਿਚ ਖੇਤੀ ਵਿਭਿੰਨਤਾ, ਸਹਾਇਕ ਧੰਦਿਆਂ, ਡੇਅਰੀ ਫਾਰਮਿੰਗ, ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਮੰਡੀਕਰਨ 'ਤੇ ਯਕੀਨੀ ਲਾਹੇਵੰਦ ਭਾਅ, ਖੇਤੀ ਲਾਗਤ ਖ਼ਰਚੇ ਘਟਾਉਣ ਲਈ ਮੌਜੂਦਾ ਬਜਟ ਨਾਂਹਪੱਖੀ ਹੈ |
ਪੰਜਾਬ ਲਈ ਨਿਰਾਸ਼ਾਜਨਕ ਰਿਹਾ ਕੇਂਦਰੀ ਬਜਟ-ਅਜੇ ਸ਼ਰਮਾ
ਮੋਗਾ-ਆਪ ਪਾਰਟੀ ਦੇ ਟਕਸਾਲੀ ਆਗੂ ਤੇ ਡਾਇਰੈਕਟਰ ਲਾਰਜ ਸਕੇਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਅਜੇ ਸ਼ਰਮਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਬਜਟ ਨੂੰ ਪੰਜਾਬ ਲਈ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਖੇਤੀਬਾੜੀ ਪ੍ਰਧਾਨ ਸੂਬੇ ਦੇ ਕਿਸਾਨਾਂ ਨੂੰ ਕੋਈ ਵੀ ਐਮ.ਐਸ.ਪੀ. ਵਰਗੀ ਸਹੂਲਤ ਨਹੀਂ ਦਿੱਤੀ ਗਈ, ਜਦ ਕਿ ਪੰਜਾਬ ਦਾ ਕਿਸਾਨ ਹੜ੍ਹਾਂ ਦੀ ਮਾਰ ਝੱਲਦਾ ਪਹਿਲਾਂ ਹੀ ਆਰਥਿਕ ਤੌਰ 'ਤੇ ਡਾਵਾਂਡੋਲ ਹੈ ਅਤੇ ਸੂਬੇ ਦੇ ਕਿਸਾਨਾਂ ਨੂੰ ਬਜਟ ਨੇ ਨਿਰਾਸ਼ ਕੀਤਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਲਈ ਕਿਸੇ ਵੀ ਰੁਜ਼ਗਾਰ ਵਗ਼ੈਰਾ ਦਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਵਪਾਰੀ ਵਰਗ ਨੂੰ ਵੀ ਕੋਈ ਟੈਕਸ ਤੋਂ ਛੋਟ ਨਹੀਂ ਦਿੱਤੀ |
ਬਜਟ 2026 ਦਸ ਮੁੱਖ ਖੇਤਰਾਂ 'ਤੇ ਕੇਂਦਰਿਤ-ਚੇਅਰਮੈਨ ਦਵਿੰਦਰਪਾਲ ਸਿੰਘ
ਮੋਗਾ- ਦਵਿੰਦਰਪਾਲ ਸਿੰਘ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਨੇ ਕਿਹਾ ਕਿ ਯੂਨੀਅਨ ਬਜਟ 2026 ਵਿਚ ਨਿਰਮਲਾ ਸੀਤਾਰਮਨ ਨੇ ਦਸ ਮੁੱਖ ਖੇਤਰਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ | ਇਨ੍ਹਾਂ ਵਿਚ ਖੇਤੀਬਾੜੀ ਦੀਆਂ ਵਿਧੀਆਂ ਨੂੰ ਤੇਜ਼ ਕਰਨਾ, ਗਰਾਮੀਣ ਖ਼ੁਸ਼ਹਾਲੀ ਅਤੇ ਲਚਕ, ਸਮਾਵੇਸ਼ੀ ਵਿਕਾਸ, ਨਿਰਮਾਣ ਨੂੰ ਵਧਾਉਣਾ, ਐਮ.ਐਸ.ਐਮ.ਈ. ਨੂੰ ਸਮਰਥਨ, ਰੁਜ਼ਗਾਰ ਆਧਾਰਿਤ ਵਿਕਾਸ, ਮਨੁੱਖੀ ਪੂੰਜੀ ਅਤੇ ਨਵੀਨਤਾ ਵਿਚ ਨਿਵੇਸ਼, ਊਰਜਾ ਸੁਰੱਖਿਆ, ਨਿਰਯਾਤ ਪ੍ਰਚਾਰ ਅਤੇ ਨਵੀਨਤਾ ਨੂੰ ਵਧੀਆ ਕਰਨਾ ਸ਼ਾਮਿਲ ਹਨ | ਇਹ ਉਦੇਸ਼ ਗ਼ਰੀਬ, ਨੌਜਵਾਨਾਂ, ਅੰਨਦਾਤਾ (ਕਿਸਾਨਾਂ) ਅਤੇ ਔਰਤਾਂ 'ਤੇ ਕੇਂਦਰਿਤ ਹਨ | ਚੰਗਾ ਹੁੰਦਾ ਜੇ ਬਜਟ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੀ ਸਰਕਾਰ ਵਲੋਂ ਹੋਰ ਯਤਨ ਕੀਤੇ ਜਾਂਦੇ |
ਪੇਸ਼ ਬਜਟ ਵਿਚ ਪੰਜਾਬ ਨੂੰ ਕੋਈ ਰਾਹਤ ਨਹੀਂ- ਵਿਨੋਦ ਬਾਂਸਲ
ਮੋਗਾ-ਉੱਘੇ ਉਦਯੋਗਪਤੀ ਅਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਵਿਨੋਦ ਬਾਂਸਲ ਨੇ ਪੇਸ਼ ਕੀਤੇ ਕੇਂਦਰੀ ਬਜਟ 'ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਅੱਜ ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਸੀਤਾ ਸੀਤਾਰਮਨ ਵਲੋਂ ਪਾਸ ਕੀਤੇ ਬਜਟ ਵਿਚ ਕੋਈ ਵੀ ਨਵਾਂਪਣ ਨਜ਼ਰ ਨਹੀਂ ਆਇਆ ਅਤੇ ਨਾ ਕੋਈ ਸਰਕਾਰੀ ਕਰਮਚਾਰੀਆਂ ਨੂੰ ਕੋਈ ਰਾਹਤ ਦਿੱਤੀ ਗਈ ਅਤੇ ਨਾ ਹੀ ਇਨਕਮ ਟੈਕਸ ਦੀ ਸਲਾਈਬ ਵਿਚ ਵਾਧਾ ਕੀਤਾ ਗਿਆ ਹੈ | ਪੇਸ਼ ਬਜਟ ਵਿਚ ਸ਼ੇਅਰ ਮਾਰਕੀਟ ਇਕੋ ਟਾਈਮ ਡਿਗ ਪਈ ਜਿਸ ਤੋਂ ਸਾਬਤ ਹੁੰਦਾ ਹੈ ਕਿ ਬਜਟ ਵਿਚ ਵੱਡੀਆਂ ਕਮੀਆਂ ਹਨ ਤੇ ਕਾਹਲੀ ਵਿਚ ਤਿਆਰ ਕੀਤਾ ਬਜਟ ਹੈ |
ਬਜਟ ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਾ ਹੈ-ਡਾ. ਸੀਮਾਂਤ ਗਰਗ
ਮੋਗਾ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਬਜਟ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਸੀਮਾਂਤ ਗਰਗ ਨੇ ਕਿਹਾ ਕਿ ਪੇਸ਼ ਕੀਤਾ ਗਿਆ ਬਜਟ ਸਿਹਤ ਸੰਭਾਲ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਕੇਂਦਰ ਸਰਕਾਰ ਵਲੋਂ ਇਕ ਮਹੱਤਵਪੂਰਨ ਕਦਮ ਦਰਸਾਉਂਦਾ ਹੈ | ਕੇਂਦਰ ਸਰਕਾਰ ਨੇ ਬੁਨਿਆਦੀ ਢਾਂਚਾ ਅਤੇ ਵਿਕਾਸ ਯੋਜਨਾਵਾਂ ਨੂੰ ਲਾਗੂ ਕਰ ਕੇ ਦੇਸ਼ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਵਲੋਂ ਅੱਜ ਪੇਸ਼ ਕੀਤੇ ਗਏ ਬਜਟ ਨੇ 2047 ਤੱਕ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਾਉਣ ਵੱਲ ਕਦਮ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਹ ਬਜਟ ਨਾ ਸਿਰਫ਼ ਭਾਰਤ ਦੀ ਤਰੱਕੀ ਨੂੰ ਤੇਜ਼ ਕਰੇਗਾ ਬਲਕਿ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਰਾਹਤਾਂ ਅਤੇ ਸਹੂਲਤਾਂ ਰਾਹੀਂ ਅਰਥ-ਵਿਵਸਥਾ ਨੂੰ ਵੀ ਮਜ਼ਬੂਤ ਕਰੇਗਾ |
ਕੇਂਦਰੀ ਬਜਟ ਕਿਸਾਨ ਵਿਰੋਧੀ, ਕਾਰਪੋਰੇਟ ਪੱਖੀ- ਦੌਲਤਪੁਰਾ
ਮੋਗਾ- ਭੁਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪਾਸ ਬਜਟ ਕਿਸਾਨ ਵਿਰੋਧੀ ਹੈ ਤੇ ਭਾਰਤੀ ਕਿਸਾਨ ਯੂਨੀਅਨ ਇਸ ਦੀ ਨਿਖੇਧੀ ਕਰਦੀ ਹੈ | ਇਸ ਬਜਟ ਵਿਚ ਪੰਜਾਬ ਦੇ ਕਿਸਾਨਾਂ ਦੀ ਕੋਈ ਸਮੱਸਿਆ ਬਾਰੇ ਜਾਂ ਉਨ੍ਹਾਂ ਦੀ ਆਮਦਨ ਵਧਾਉਣ ਬਾਰੇ ਗੱਲ ਨਹੀਂ ਕੀਤੀ ਗਈ | ਇਹ ਬਜਟ ਕਾਰਪੋਰੇਟ ਘਰਾਨਿਆਂ ਲਈ ਲਾਹੇਵੰਦ ਹੈ ਪਰ ਦੇਸ਼ ਦੇ ਅੰਨਦਾਤਾ ਲਈ ਕੋਈ ਰਾਹਤ ਨਹੀਂ ਦਿੱਤੀ ਗਈ |
ਪੇਸ਼ ਬਜਟ ਕਿਸਾਨੀ ਖੇਤਰ ਲਈ ਲਾਹੇਵੰਦ ਨਹੀਂ- ਮਾਣੂੰਕੇ
ਮੋਗਾ-ਨਿਰਮਲ ਸਿੰਘ ਮਾਣੂੰਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕਿਹਾ ਕਿ ਜੋ ਅੱਜ ਕੇਂਦਰੀ ਬਜਟ ਪਾਸ ਕੀਤਾ ਗਿਆ ਹੈ ਉਹ ਕਿਸਾਨੀ ਖੇਤਰ ਲਈ ਲਾਹੇਵੰਦ ਨਹੀਂ ਹੈ ਕਿਉਂਕਿ ਇਸ ਵਿਚ ਕਿਸਾਨਾਂ ਜਾਂ ਖੇਤੀ ਖੇਤਰ ਲਈ ਨਾ ਮਾਤਰ ਹੀ ਹਿੱਸਾ ਪਾਇਆ ਹੈ ਜਦ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਅੰਨ ਸੁਰੱਖਿਆ ਵਿਚ ਸਵੈ ਨਿਰਭਰ ਕਰਦਿਆਂ ਆਪਣੇ ਕੁਦਰਤੀ ਸਰੋਤਾਂ ਦੀ ਕੁਰਬਾਨੀ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ ਤੇ ਹੁਣ ਦੇਸ਼ ਦਾ ਅੰਨਦਾਤਾ ਸੂਬੇ ਦਾ ਕਿਸਾਨ ਹੜ੍ਹਾਂ ਦੇ ਘੋਰ ਸੰਕਟ ਦਾ ਸ਼ਿਕਾਰ ਹੋਇਆ ਹੈ ਤੇ ਹੁਣ ਪੇਸ਼ ਬਜਟ ਵਿਚ ਉਨ੍ਹਾਂ ਲਈ ਕੋਈ ਆਰਥਿਕ ਪੈਕੇਜ ਦੀ ਲੋੜ ਸੀ ਪਰ ਨਹੀਂ ਦਿੱਤਾ ਗਿਆ | ਇਸ ਲਈ ਇਹ ਬਜਟ ਪੰਜਾਬ ਦੇ ਕਿਸਾਨਾਂ ਲਈ ਨਾਂਹਪੱਖੀ ਸਾਬਤ ਹੋਇਆ ਹੈ |
ਕੇਂਦਰੀ ਬਜਟ ਸਰਮਾਏਦਾਰਾਂ ਦੇ ਪੱਖੀ-ਦਿਗਵਿਜੇਪਾਲ ਸ਼ਰਮਾ
ਮੋਗਾ- ਦਿਗਵਿਜੇਪਾਲ ਸ਼ਰਮਾ ਸੂਬਾ ਪ੍ਰਧਾਨ ਡੀ.ਟੀ.ਐਫ. ਨੇ ਕਿਹਾ ਕਿ ਅੱਜ ਕੇਂਦਰੀ ਵਿੱਤ ਮੰਤਰੀ ਵਲੋਂ ਲੋਕ ਸਭਾ 'ਚ ਪੇਸ਼ ਕੀਤਾ ਕੇਂਦਰੀ ਬਜਟ ਕਾਰਪੋਰੇਟਾਂ ਦੇ ਪੱਖੀ ਹੈ | ਇਸ ਵਿਚ ਸਿੱਖਿਆ ਉੱਪਰ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਗਿਆ | ਇਸ ਵਿਚ ਗ਼ਰੀਬਾਂ ਅਤੇ ਮੱਧ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ | ਦੇਸ਼ ਦੇ ਲੱਖਾਂ ਮੁਲਾਜ਼ਮ ਇਸ ਬਜਟ ਵਿਚ ਕਾਰਪੋਰੇਟਾਂ ਨੂੰ ਫ਼ਾਇਦਾ ਪਹੁੰਚਾਉਣ ਵਾਲੀ ਨਵੀਂ ਪੈਨਸ਼ਨ ਸਕੀਮ ਵਾਪਸ ਲੈ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਉਡੀਕ ਕਰ ਰਹੇ ਸਨ | ਕੁੱਲ ਮਿਲਾ ਕੇ ਇਹ ਬਜਟ ਸਰਮਾਏਦਾਰਾਂ ਦੇ ਪੱਖੀ ਸਾਬਤ ਹੋ ਰਿਹਾ ਹੈ |
ਕੇਂਦਰੀ ਬਜਟ ਤੋਂ ਵਪਾਰੀ ਵਰਗ ਨੂੰ ਆਸ ਬੱਝੀ-ਵਿਨੋਦ ਪਲਤਾ ਕੋਟ ਈਸੇ ਖਾਂ
ਕੋਟ ਈਸੇ ਖਾਂ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸਾਲ 2026-27 ਲਈ ਪੇਸ਼ ਕੀਤੇ ਗਏ ਬਜਟ ਵਿਚ ਇਸ ਵਾਰ ਛੋਟੇ ਵਪਾਰੀ ਵਰਗ ਤੇ ਦੁਕਾਨਦਾਰਾਂ ਨੂੰ ਵੱਡੀ ਆਸ ਬੱਝੀ ਹੈ | ਸਰਕਾਰ ਵਲੋਂ ਇਨਕਮ ਟੈਕਸ ਅਦਾ ਕਰਨ ਲਈ ਛੋਟੇ ਵਪਾਰੀ ਤੇ ਦੁਕਾਨਦਾਰ ਜਾਂ ਹੋਰ ਮੱਧਵਰਗ ਜਾਂ ਹੇਠਲੇ ਵਰਗ ਤੱਕ ਜੁੜੇ ਕੋਈ ਵੀ ਛੋਟੇ ਕਾਰੋਬਾਰੀ ਹਨ ਜੋ ਛੋਟੇ ਕਰਦਾਤਾ ਦੇ ਰੂਪ ਵਿਚ ਟੈਕਸ ਅਦਾ ਕਰਦੇ ਹਨ, ਉਨ੍ਹਾਂ ਆਸਾਨ ਟੈਕਸ ਪ੍ਰਕਿਰਿਆ ਜੋ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ, ਦਾ ਫ਼ਾਇਦਾ ਮਿਲੇਗਾ | ਇਸ ਤੋਂ ਇਲਾਵਾ ਐਮ.ਐਸ.ਐਮ.ਈ. ਰਾਹੀਂ ਜੁੜੇ ਛੋਟੇ ਉਦਯੋਗ ਨੂੰ ਹੋਰ ਹੁਲਾਰਾ ਦੇਣ ਲਈ ਸਬਸਿਡੀਆਂ ਤੇ ਸੁਖਾਲੇ ਕਰਜ਼ਿਆਂ 'ਚ ਵਾਧਾ ਸ਼ਲਾਘਾਯੋਗ ਹੈ |
ਛੋਟੇ ਵਪਾਰੀਆਂ ਨੂੰ ਨਹੀਂ ਰਾਹਤ-ਤਰਸੇਮ ਸਿੰਘ ਝੁੱਗੀਆਂ
ਕੋਟ ਈਸੇ ਖਾਂ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੋ ਕਿ ਭਾਵੇਂ ਲਗਾਤਾਰ 9ਵੀਂ ਵਾਰ ਬਜਟ ਪੇਸ਼ ਕਰਨ ਵਾਲੀ ਪਹਿਲੀ ਮਹਿਲਾ ਮੰਤਰੀ ਹੈ, ਜੋ ਇਕ ਰਿਕਾਰਡ ਵੀ ਬਣ ਗਿਆ ਹੈ ਪਰ ਇਹ ਵੀ ਰਿਕਾਰਡ ਬਣ ਗਿਆ ਹੈ ਕਿ ਜੋ ਬਜਟ ਵਿਚ ਦੱਸਿਆ ਜਾਂਦਾ ਹੈ ਜਾਂ ਲੋਕਾਂ ਨੂੰ ਆਸ ਹੁੰਦੀ ਹੈ, ਉਨ੍ਹਾਂ ਦਾਅਵਿਆਂ ਦੇ ਉਲਟ ਹੇਠਲੇ ਪੱਧਰ ਤੱਕ ਛੋਟੇ ਵਪਾਰੀਆਂ, ਦੁਕਾਨਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਆਰਥਿਕਤਾ ਜਾਂ ਜੀਵਨ ਪੱਧਰ ਉੱਚਾ ਚੁੱਕਣ ਲਈ ਇਹ ਬਜਟ ਵਿਚ ਦਾਅਵੇ ਅਸਲ ਸਚਾਈ ਤੋਂ ਕੋਹਾਂ ਦੂਰ ਸਾਬਤ ਹੁੰਦੇ ਰਹੇ ਤੇ ਇਹ ਵੀ ਇਕ ਰਿਕਾਰਡ ਹੀ ਬਣਿਆ ਹੈ |
ਘਰੇਲੂ ਔਰਤਾਂ ਲਈ ਕੁਝ ਵੀ ਨਹੀਂ-ਅੰਮਿ੍ਤਪਾਲ ਕੌਰ ਭੁੱਲਰ
ਕੋਟ ਈਸੇ ਖਾਂ-ਮੱਧ ਵਰਗ ਜੋ ਕਿ ਹਮੇਸ਼ਾ ਹੀ ਆਰਥਿਕ ਪੱਖ ਤੋਂ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਰਥਿਕ ਪੱਖੋਂ ਉੱਚ ਤੇ ਹੇਠਲੇ ਵਰਗ ਵਿਚ ਚੰਗੀ ਕੜੀ ਦਾ ਰੋਲ ਨਿਭਾਉਣ ਲਈ ਜਾਣਿਆ ਜਾਂਦਾ ਹੈ ਪਰ ਜੇਕਰ ਸਰਕਾਰਾਂ ਦੀਆਂ ਨੀਤੀਆਂ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਮੱਧ ਵਰਗ ਨੂੰ ਅਣਗੌਲਿਆ ਹੀ ਕੀਤਾ ਜਾਂਦਾ ਰਿਹਾ ਹੈ | ਦੇਖਿਆ ਜਾਵੇ ਤਾਂ ਮੱਧਵਰਗੀ ਪਰਿਵਾਰਾਂ ਨਾਲ ਜੁੜੀਆਂ ਘਰੇਲੂ ਔਰਤਾਂ ਜੋ ਕਿ ਭਾਵੇਂ ਆਪਣੇ ਪਰਿਵਾਰਾਂ ਦੇ ਘਰੇਲੂ ਕੰਮਕਾਰਾਂ ਵਿਚ ਵੱਡਾ ਰੋਲ ਨਿਭਾਉਂਦੀਆਂ ਹਨ ਪਰ ਦੂਜੇ ਪਾਸੇ ਅਜਿਹੀ ਤਸਵੀਰ ਵੀ ਹੈ ਕਿ ਇਨ੍ਹਾਂ ਵਿਚ ਕਈ ਔਰਤਾਂ ਪੜ੍ਹੀਆਂ ਲਿਖੀਆਂ ਤੇ ਆਤਮ ਨਿਰਭਰ ਬਣਨ ਦੀ ਇੱਛਾ ਵੀ ਰੱਖਦੀਆਂ ਹਨ ਜਿਸ ਵੱਲ ਸਰਕਾਰਾਂ ਦਾ ਕਦੇ ਧਿਆਨ ਹੀ ਨਹੀਂ |
ਕੇਂਦਰ ਸਰਕਾਰ ਦਾ ਬਜਟ ਫ਼ਾਇਦੇਮੰਦ ਸਾਬਤ ਹੋਵੇਗਾ-ਪਿ੍ਅੰਕਾ ਮਿਸ਼ਰਾ
ਕੋਟ ਈਸੇ ਖਾਂ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਸ਼ੀ ਮਾਰਟ ਦੀ ਯੋਜਨਾ ਅਤੇ ਲਘੂ ਉਦਯੋਗਾਂ ਨੂੰ ਹੋਰ ਹੁਲਾਰਾ ਦੇਣ ਲਈ ਕੀਤੀ ਜਾ ਰਹੀ ਪਹਿਲਕਦਮੀ ਦਾ ਫ਼ਾਇਦਾ ਘਰੇਲੂ ਔਰਤਾਂ ਨੂੰ ਹੋ ਸਕਦਾ ਹੈ ਕਿਉਂਕਿ ਸ਼ੀ ਮਾਰਟ ਯੋਜਨਾ ਅਨੁਸਾਰ ਪੇਂਡੂ ਇਲਾਕੇ ਜਾਂ ਕਸਬਿਆਂ ਵਿਚ ਰਹਿੰਦੇ ਪਰਿਵਾਰਾਂ ਦੀ ਘਰੇਲੂ ਔਰਤਾਂ ਕਿੱਤਾਮੁਖੀ ਤੇ ਹੋਰ ਕਈ ਤਰ੍ਹਾਂ ਦੀਆਂ ਅਜਿਹੀਆਂ ਵਸਤੂਆਂ ਆਪਣੇ ਘਰਾਂ, ਥਾਵਾਂ ਵਿਚ ਤਿਆਰ ਕਰ ਕੇ ਸ਼ੀ ਮਾਰਟ ਜੋ ਕਿ ਆਪਣੇ ਹੀ ਰਿਹਾਇਸ਼ੀ ਖੇਤਰਾਂ ਨੇੜੇ ਉਪਲਬਧ ਹੋਣਗੇ, 'ਚ ਭੇਜ ਕੇ ਚੰਗੀ ਆਮਦਨ ਪ੍ਰਾਪਤ ਕਰ ਸਕਣਗੀਆਂ | ਇਸ ਤੋਂ ਇਲਾਵਾ ਲਘੂ ਉਦਯੋਗ ਵਿਚ ਕੇਂਦਰ ਸਰਕਾਰ ਦਾ ਹੋਰ ਸਹਿਯੋਗ ਔਰਤਾਂ ਲਈ ਫ਼ਾਇਦੇਮੰਦ ਸਾਬਤ ਹੋਵੇਗੀ |