ਕੋਟ ਈਸੇ ਖਾਂ, 2 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)- ਸਥਾਨਕ ਸ਼ਹਿਰ ਤੋਂ 4 ਕੁ ਕਿੱਲੋਮੀਟਰ ਦੂਰੀ 'ਤੇ ਸਥਿਤ ਪਿੰਡ ਦੌਲੇਵਾਲਾ ਮਾਇਰ ਦੇ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਵਾਲੇ ਪਾਸੇ ਇਕ ਜ਼ਮੀਨ 'ਚ ਕਣਕ ਸਟੋਰ ਕਰਨ ਲਈ ਪੁਲੰਥਾਂ ਵਾਸਤੇ ਤਿਆਰ ਹੋਣ ਜਾ ਰਹੀ ਜਗ੍ਹਾ ਨੂੰ ਰਿਹਾਇਸ਼ੀ ਖੇਤਰ ਨੇੜੇ ਦੱਸਦਿਆਂ ਭਾਰਤੀ ਕਿਸਾਨ ਯੂਨੀਅਨ ਤੇ ਪਿੰਡ ਦੇ ਵਸਨੀਕਾਂ ਵਲੋਂ ਵਿਰੋਧ ਕਰਦੇ ਹੋਏ ਲੰਘੀ 31 ਜਨਵਰੀ ਨੂੰ ਰੋਸ ਧਰਨਾ ਲਗਾਇਆ ਗਿਆ ਸੀ, ਜੋ ਲਗਾਤਾਰ ਜਾਰੀ ਰਿਹਾ | ਰੋਸ ਧਰਨੇ 'ਚ ਬੀ.ਕੇ.ਯੂ. ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਬੰਸ ਸਿੰਘ ਬਹਿਰਾਮਕੇ, ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਇਕਾਈ ਪ੍ਰਧਾਨ ਤੇ ਹੋਰ ਪਿੰਡ ਵਾਸੀ ਮੌਜੂਦ ਸਨ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਦੇ ਪੁਲੰਥ ਇੱਥੇ ਲੱਗਣ ਨਾਲ ਸੁਸਰੀ, ਮਿੱਟੀ ਘੱਟਾ ਤੇ ਬਦਬੂ ਵਗ਼ੈਰਾ ਦਾ ਨੇੜਲੇ ਰਿਹਾਇਸ਼ੀ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ ਜੋ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ | ਆਗੂਆਂ ਨੇ ਕਿਹਾ ਕਿ ਇਸ ਜਗ੍ਹਾ 'ਤੇ ਪੁਲੰਥ ਲਗਾਉਣ ਵਾਲਾ ਫ਼ੈਸਲਾ ਨਾ ਬਦਲਿਆ ਗਿਆ ਤਾਂ ਧਰਨੇ ਨੂੰ ਹੋਰ ਵਿਸ਼ਾਲ ਕਰ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਪੁਲੰਥਾਂ ਲਈ ਨਿਰਧਾਰਿਤ ਕੀਤੀ ਇਸ ਜਗ੍ਹਾ ਨੂੰ ਲੈ ਕੇ ਫੂਡ ਸਪਲਾਈ ਅਫ਼ਸਰ ਰਾਜਵੰਤ ਸਿੰਘ ਵਾਲੀਆ ਤੇ ਪਿ੍ਤਪਾਲ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲਏ ਇਸ ਫ਼ੈਸਲੇ ਨਾਲ ਜਿੱਥੇ ਕਣਕ ਦੇ ਰੱਖ ਰਖਾਅ ਤੇ ਸਪਲਾਈ ਲਈ ਫ਼ਾਇਦਾ ਮਿਲੇਗਾ, ਉੱਥੇ ਹੀ ਲੋੜਵੰਦਾਂ ਨੂੰ ਮਜ਼ਦੂਰੀ ਤੇ ਹੋਰ ਕਈ ਲੋਕਾਂ ਲਈ ਰੋਜ਼ਗਾਰ ਵੀ ਮੁਹੱਈਆ ਹੋਵੇਗਾ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਪ੍ਰਵਾਨਗੀ ਤੋਂ ਬਾਅਦ ਹੀ ਇੱਥੇ ਸਟੋਰੇਜ ਦਾ ਕੰਮ ਸ਼ੁਰੂ ਹੋਣਾ ਹੈ ਤੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਹੈ | ਰੋਸ ਧਰਨੇ ਵਿਚ ਹਰਦਿਆਲ ਸਿੰਘ, ਮੰਗਾ ਸਿੰਘ, ਰਸ਼ਪਾਲ ਸਿੰਘ ਸਿੱਧੂ, ਗੁਰਦੀਪ ਸਿੰਘ, ਪਰਮਜੀਤ ਸਿੱਧੂ, ਰਸ਼ਪਾਲ ਸਿੰਘ ਰਾਏ, ਸਤਨਾਮ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਸੁਖਵਿੰਦਰ ਸਿੰਘ, ਇਕਬਾਲ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਰੰਧਾਵਾ, ਜਸਬੀਰ ਮਾਨ, ਗੁਰਦੀਪ ਰੰਧਾਵਾ, ਜਸਵੰਤ ਜੱਜ, ਹਰਜਿੰਦਰ ਸਿੰਘ, ਬਗੀਚਾ ਸਿੰਘ, ਬੂਟਾ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਵਿਰਦੀ, ਸੁਖਵਿੰਦਰ ਕਾਲਾ, ਅਜੀਤ ਸਿੰਘ, ਪੰਮਾ ਸਿੰਘ, ਗੁਰਪ੍ਰੀਤ ਗੋਪੀ, ਨਵਦੀਪ ਸਿੰਘ, ਸੂਬਾ ਸਿੰਘ, ਸੂਰਤ ਸਿੰਘ ਬਹਿਰਾਮਕੇ, ਅਰਜਨ ਤਲਵੰਡੀ ਨੌਂ ਬਹਾਰ, ਕਾਕਾ ਸਿੰਘ, ਲਖਵਿੰਦਰ ਕਾਲਾ ਪ੍ਰਧਾਨ ਆਦਿ ਮੌਜੂਦ ਰਹੇ |