ਬੱਧਨੀ ਕਲਾਂ, 2 ਫਰਵਰੀ (ਸੰਜੀਵ ਕੋਛੜ)- ਬੱਧਨੀ ਕਲਾਂ ਦੀ ਪੰਚਾਇਤੀ ਜ਼ਮੀਨ 'ਚੋਂ ਤਕਰੀਬਨ 20 ਕਿੱਲਿਆਂ 'ਚ ਪੀਣ ਵਾਲੇ ਸਾਫ਼ ਪਾਣੀ ਦਾ ਤਕਰੀਬਨ 150 ਕਰੋੜ ਰੁਪਏ ਦੀ ਲਾਗਤ ਨਾਲ ਪੋ੍ਰਜੈਕਟ ਲਗਾਉਣ ਅਤੇ ਲਈ ਸਰਕਾਰ ਵਲੋਂ ਜ਼ਮੀਨ ਦੀ ਕੀਤੀ ਗਈ ਮੰਗ ਅਤੇ ਕੇਂਦਰ ਸਰਕਾਰ ਵਲੋਂ ਅਨਾਜ ਦੀ ਸਟੋਰੇਜ ਲਈ ਕਵਰਡ ਗੋਦਾਮ ਬਣਾਉਣ ਲਈ 15 ਏਕੜ ਜ਼ਮੀਨ ਤੱਕ ਦੀ ਕੀਤੀ ਗਈ ਮੰਗ ਸਬੰਧੀ ਕੌਂਸਲਰਾਂ ਵਲੋਂ ਪਾਏ ਗਏ ਸਰਕਾਰੀ ਮਤਿਆਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਨਗਰ ਨਿਵਾਸੀਆਂ ਵਲੋਂ ਬੀਤੇ ਮਹੀਨਿਆਂ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ | ਅੱਜ ਵੀ ਜਦੋਂ ਨਗਰ ਪੰਚਾਇਤ ਦਫ਼ਤਰ 'ਚ ਕੌਂਸਲਰਾਂ ਦੀ ਹਾਊਸ ਦੀ ਮੀਟਿੰਗ ਚੱਲ ਰਹੀ ਸੀ ਤਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਨਗਰ ਪੰਚਾਇਤ ਦਫ਼ਤਰ 'ਚ ਵਿਰੋਧ ਕਰਨ ਲਈ ਪਹੁੰਚ ਗਏ, ਕਿਸੇ ਅਣਸੁਖਾਵੀਂ ਘਟਨਾ ਅਤੇ ਆਪਸੀ ਖਹਿਬਾਜ਼ੀ ਤੋਂ ਬਚਣ ਲਈ ਪੁਲਿਸ ਪ੍ਰਸ਼ਾਸਨ ਨੇ ਡੀ.ਐਸ.ਪੀ. ਅਨਵਰ ਅਲੀ ਦੀ ਨਿਗਰਾਨੀ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ | ਇੰਸ: ਗੁਰਮੇਲ ਸਿੰਘ ਚਹਿਲ ਨੇ ਆਪਣੀ ਸੂਝ-ਬੂਝ ਨਾਲ ਵਿਰੋਧ ਕਰ ਰਹੀਆਂ ਜਥੇਬੰਦੀਆਂ ਨੂੰ ਗੇਟ ਅਤੇ ਸੜਕ ਤੋਂ ਪਾਸੇ ਦਫ਼ਤਰ ਦੇ ਸਾਹਮਣੇ ਗਊਸ਼ਾਲਾ 'ਚ ਬੈਠ ਕੇ ਆਪਣਾ ਵਿਰੋਧ ਕਰਨ ਲਈ ਕਿਹਾ ਤਾਂ ਉਹ ਉੱਥੇ ਜਾ ਕੇ ਬੈਠ ਗਏ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਨ ਲਈ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਪੰਚਾਇਤੀ ਜ਼ਮੀਨ ਦਾ ਚੱਲ ਰਿਹਾ ਰੇੜਕਾ ਅੱਜ ਉਸ ਸਮੇਂ ਸਮਾਪਤ ਹੋ ਗਿਆ ਜਦੋਂ ਕੌਂਸਲਰਾਂ ਨੇ ਆਪਣੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਹਿਲਾਂ ਪਾਏ ਗਏ ਮਤਿਆਂ ਨੂੰ ਰੱਦ ਕਰਨ ਲਈ ਨਵਾਂ ਮਤਾ ਪਾ ਲਿਆ | ਇਸ ਸਮੇਂ ਨਗਰ ਪੰਚਾਇਤ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ ਨੇ ਕਿਹਾ ਕਿ ਸਮੂਹ ਕੌਂਸਲਰਾਂ ਨੇ ਸ਼ਹਿਰ ਦੀ ਭਲਾਈ ਲਈ ਇਹ ਮਤਾ ਪਾਸ ਕੀਤਾ ਸੀ ਪਰ ਜੇਕਰ ਸ਼ਹਿਰਵਾਸੀ ਹੀ ਇਸ ਤੋਂ ਨਾਰਾਜ਼ ਹਨ ਤਾਂ ਅਜਿਹਾ ਕੰਮ ਕਰਨ ਦਾ ਕੀ ਫ਼ਾਇਦਾ | ਇਸ ਸੰਬੰਧੀ ਅੱਜ ਨਵੇਂ ਆਏ ਕਾਰਜਸਾਧਕ ਅਫ਼ਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਕੌਂਸਲਰਾਂ ਵਲੋਂ ਰੱਦ ਕਰਨ ਸਬੰਧੀ ਪਾਏ ਗਏ ਮਤੇ ਨੂੰ ਅੱਗੇ ਸਰਕਾਰ ਤੱਕ ਪਹੁੰਚਦਾ ਕੀਤਾ ਜਾਵੇਗਾ ਅਤੇ ਅੱਗੋਂ ਜੋ ਵੀ ਹੁਕਮ ਆਉਣਗੇ ਉਹੀ ਕੰਮ ਕੀਤਾ ਜਾਵੇਗਾ | ਇਸ ਸਮੇਂ ਸਹਾਇਕ ਮਿਊਾਸੀਪਲ ਇੰਜੀਨੀਅਰ ਸੁਨੀਲ ਸਿਆਲ, ਸੁਰਜੀਤ ਸਿੰਘ ਸੈਨੇਟਰੀ ਇੰਸਪੈਕਟਰ, ਮਨਪ੍ਰੀਤ ਸਿੰਘ ਮਨੀ, ਗੌਰਵ ਅਰੋੜਾ, ਈਸ਼ਵਰ ਸਿੰਘ ਬੱਬੂ, ਯਾਦਵਿੰਦਰ ਸਿੰਘ ਆਦਿ ਕਰਮਚਾਰੀ ਵੀ ਉਨ੍ਹਾਂ ਨਾਲ ਹਾਜ਼ਰ ਸਨ | ਇਸ ਸਬੰਧੀ ਕਿਸਾਨ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਪ੍ਰਧਾਨ, ਕੇਵਲ ਕ੍ਰਿਸ਼ਨ ਸ਼ਰਮਾ, ਮਾਸਟਰ ਸਵਰਨ ਸਿੰਘ, ਬਲਵੀਰ ਸਿੰਘ ਆਦਿ ਤੋਂ ਇਲਾਵਾ ਹੋਰਨਾਂ ਨੇ ਲੋਕਾਂ ਦੇ ਸੰਘਰਸ਼ ਦੀ ਜਿੱਤ ਆਖਦਿਆਂ ਕਿਹਾ ਕਿ ਸਮੂਹ ਕੌਂਸਲਰਾਂ ਨੇ ਪਹਿਲਾਂ ਪਾਏ ਗਏ ਮਤੇ ਨੂੰ ਰੱਦ ਕਰਨ ਲਈ ਅੱਜ ਜੋ ਇਹ ਮਤਾ ਪਾਇਆ ਹੈ ਉਹ ਸ਼ਲਾਘਾਯੋਗ ਕਦਮ ਹੈ ਕਿਉਂ ਕਿ ਬੱਧਨੀ ਕਲਾਂ ਦੀ ਪੰਚਾਇਤੀ ਜ਼ਮੀਨ ਉੱਪਰ ਕਿਸੇ ਵੀ ਵਿਸ਼ੇਸ਼ ਵਿਅਕਤੀ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ | ਕਿਸਾਨ ਜਥੇਬੰਦੀਆਂ ਨੂੰ ਮਤਾ ਰੱਦ ਕਰਨ ਸੰਬੰਧੀ ਦੱਸਣ ਗਏ ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਅੰਗਰੇਜ਼ ਸਿੰਘ ਗ਼ੌਰੀ ਮਾਨ ਕੌਂਸਲਰ, ਗੁਰਨਾਮ ਸਿੰਘ ਗਾਮਾ ਕੌਂਸਲਰ ਸਮੇਤ ਹੋਰਨਾਂ ਨੇ ਉਨ੍ਹਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ਲਈ ਲਗਾਇਆ ਜਾਣ ਵਾਲਾ ਪ੍ਰੋਜੈਕਟ ਲੋਕ ਭਲਾਈ ਲਈ ਸਾਬਿਤ ਹੋਵੇਗਾ | ਉਹ ਇਸ 'ਤੇ ਇਕ ਵਾਰ ਫਿਰ ਤੋਂ ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰ ਕੇ ਵਿਚਾਰ ਜ਼ਰੂਰ ਕਰਨ ਕਿਉਂ ਕਿ ਧਰਤੀ ਹੇਠਲੇ ਪਾਣੀ 'ਚ ਵਧ ਰਹੀ ਮੈਟਲ ਕਰਕੇ ਇਹ ਪਾਣੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ |