ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਏ.ਡੀ.ਸੀ. ਜਸਪਿੰਦਰ ਸਿੰਘ ਰਾਹੀਂ ਪੰਜਾਬ ਦੇ ਗਵਰਨਰ ਦੇ ਨਾਂਅ ਮੰਗ ਪੱਤਰ ਸੌਂਪਿਆ | ਮੰਗ ਪੱਤਰ ਵਿਚ ਭਾਰਤ ਅਤੇ ਅਮਰੀਕਾ ਵਿਚਕਾਰ ਹੋਏ ਵਪਾਰ ਸਮਝੌਤੇ 'ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਗਿਆ ਕਿ ਇਹ ਸਮਝੌਤਾ ਦੇਸ਼ ਭਰ, ਖ਼ਾਸ ਕਰ ਕੇ ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨੀ ਅਰਥ-ਵਿਵਸਥਾ ਲਈ ਘਾਤਕ ਸਾਬਤ ਹੋ ਸਕਦਾ ਹੈ | ਮਾਲਵਿਕਾ ਸੂਦ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦਾ ਮੁੱਖ ਆਧਾਰ ਖੇਤੀਬਾੜੀ ਹੈ ਅਤੇ ਜੇ ਸਸਤੇ ਵਿਦੇਸ਼ੀ ਖੇਤੀ ਉਤਪਾਦ ਭਾਰਤੀ ਮੰਡੀਆਂ ਵਿਚ ਵੱਡੇ ਪੱਧਰ 'ਤੇ ਦਾਖ਼ਲ ਹੋਣ ਲੱਗੇ ਤਾਂ ਦੇਸੀ ਫ਼ਸਲਾਂ ਦੀ ਮੰਗ ਘੱਟ ਜਾਵੇਗੀ | ਇਸ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਆਪਣੀ ਪੈਦਾਵਾਰ ਦਾ ਵਾਜਬ ਮੁੱਲ ਨਹੀਂ ਮਿਲੇਗਾ ਅਤੇ ਉਹ ਆਰਥਿਕ ਸੰਕਟ ਵਿਚ ਫਸ ਸਕਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਨਸ਼ਿਆਂ, ਬੇਰੁਜ਼ਗਾਰੀ ਅਤੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ | ਅਜਿਹੇ ਸਮੇਂ ਵਿਚ ਇਹ ਸਮਝੌਤਾ ਕਿਸਾਨਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ | ਅਮਰੀਕੀ ਕਿਸਾਨਾਂ ਨੂੰ ਮਿਲਣ ਵਾਲੀਆਂ ਵੱਡੀਆਂ ਸਬਸਿਡੀਆਂ ਅਤੇ ਆਧੁਨਿਕ ਤਕਨੀਕ ਦੇ ਮੁਕਾਬਲੇ ਪੰਜਾਬ ਦੇ ਕਿਸਾਨਾਂ ਲਈ ਟਿਕੇ ਰਹਿਣਾ ਮੁਸ਼ਕਿਲ ਹੋ ਜਾਵੇਗਾ | ਉਨ੍ਹਾਂ ਮੰਗ ਪੱਤਰ ਵਿਚ ਕਿਹਾ ਕਿ ਵਿਦੇਸ਼ੀ ਖੇਤੀ ਉਤਪਾਦਾਂ ਦੇ ਆਉਣ ਨਾਲ ਸਿਰਫ਼ ਕਿਸਾਨ ਹੀ ਨਹੀਂ, ਸਗੋਂ ਮੰਡੀਆਂ ਨਾਲ ਜੁੜੇ ਆੜ੍ਹਤੀ, ਮਜ਼ਦੂਰ ਅਤੇ ਛੋਟੇ ਵਪਾਰੀ ਵੀ ਪ੍ਰਭਾਵਿਤ ਹੋਣਗੇ | ਇਸ ਨਾਲ ਪਿੰਡਾਂ ਦੀ ਅਰਥ-ਵਿਵਸਥਾ ਡਗਮਗਾ ਸਕਦੀ ਹੈ ਅਤੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਵੱਧ ਸਕਦੀ ਹੈ | ਮਾਲਵਿਕਾ ਸੂਦ ਨੇ ਕਿਹਾ ਕਿ ਖੇਤੀਬਾੜੀ ਸਿਰਫ਼ ਰੁਜ਼ਗਾਰ ਦਾ ਸਾਧਨ ਨਹੀਂ, ਸਗੋਂ ਪੰਜਾਬ ਦੀ ਸੰਸਕਿ੍ਤੀ ਅਤੇ ਸਮਾਜਿਕ ਢਾਂਚੇ ਦੀ ਪਹਿਚਾਣ ਹੈ | ਇਸ ਲਈ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ | ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਇਸ ਵਪਾਰ ਸਮਝੌਤੇ ਦੀ ਤੁਰੰਤ ਸਮੀਖਿਆ ਕਰ ਕੇ ਖੇਤੀਬਾੜੀ ਨੂੰ ਸੁਰੱਖਿਆ ਦਿੱਤੀ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿਤਾਂ ਨੂੰ ਅਣਦੇਖਿਆ ਕੀਤਾ ਤਾਂ ਰਾਜ ਪੱਧਰ 'ਤੇ ਵੱਡਾ ਅੰਦੋਲਨ ਛੇੜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਅਨਾਜ ਸੁਰੱਖਿਆ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦੇ ਹੱਕਾਂ ਨਾਲ ਕੋਈ ਵੀ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਭੁਪਿੰਦਰ ਸਿੰਘ ਸਾਹੋਕੇ, ਜਗਸੀਰ ਸਿੰਘ ਕਾਲੇਕੇ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ, ਵਿਜੇ ਸਾਥੀ ਸਾਬਕਾ ਵਿਧਾਇਕ, ਇੰਦਰਜੀਤ ਸਿੰਘ ਬੀੜ ਚੜਿੱਕ ਸਾਬਕਾ ਚੇਅਰਮੈਨ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਐਡਵੋਕੇਟ ਰਵੀ ਗਰੇਵਾਲ, ਮਨਜੀਤ ਸਿੰਘ ਮਾਨ, ਪਰਮਿੰਦਰ ਸਿੰਘ ਡਿੰਪਲ, ਸਵਰਨ ਸਿੰਘ ਆਦੀਵਾਲ, ਜਗਸੀਰ ਸਿੰਘ ਕਾਲੇਕੇ, ਕ੍ਰਿਸ਼ਨ ਤਿਵਾੜੀ ਕੋਟ ਈਸੇ ਖਾਂ, ਚੇਅਰਮੈਨ ਉਪਿੰਦਰ ਸਿੰਘ, ਸੁਰਿੰਦਰ ਬਾਵਾ, ਜਸਵੀਰ ਸਿੰਘ ਬਰਾੜ, ਜਸਵੰਤ ਸਿੰਘ ਪੱਪੀ, ਐਡਵੋਕੇਟ ਗੁਰਨੂਰ ਸਿੰਘ ਮਾਨ, ਜਸਵਿੰਦਰ ਸਿੰਘ ਬਲਖੰਡੀ, ਰਾਜਨ ਬਾਂਸਲ, ਗੁਰਦੇਵ ਕੌਰ ਮਹਿਲਾ ਪ੍ਰਧਾਨ, ਰਵਿੰਦਰ ਬਜਾਜ, ਮਿੱਕੀ ਹੁੰਦਲ, ਜਸਪਾਲ ਸਿੰਘ ਡਰੋਲੀ, ਸ਼ਿਵਾਜ ਸਿੰਘ ਮਸਤੇ ਵਾਲਾ, ਜਗਦੀਪ ਸਿੰਘ ਮੱਦੋਕੇ, ਰੁਪਿੰਦਰ ਸਿੰਘ ਦੀਨਾ, ਰੂਪ ਲਾਲ ਮਿੱਤਲ, ਜਰਨੈਲ ਸਿੰਘ ਰਾਮਾ, ਗੁਰਤੇਜ ਸਿੰਘ, ਪ੍ਰਦੀਪ ਅਰੋੜਾ ਸਾਰੇ ਬਲਾਕ ਪ੍ਰਧਾਨ, ਵਿਜੇ ਖੁਰਾਣਾ, ਜਸਪ੍ਰੀਤ ਸਿੰਘ ਵਿੱਕੀ, ਸਾਹਿਲ ਅਰੋੜਾ, ਲੱਖਾ ਦੁੱਨੇਕੇ ਸਾਰੇ ਐਮ.ਸੀ., ਹਨੀ ਸੋਢੀ, ਸਨੀ ਗਿੱਲ ਚੜਿੱਕ, ਸਰਪੰਚ ਜਗਸੀਰ ਜੱਗਾ ਮੰਡੀਰ, ਟਿੰਕੂ ਚੌਧਰੀ, ਸੁਖਵੀਰ ਸਿੰਘ ਮੱਲੀਆਂ ਵਾਲਾ, ਸੰਦੀਪ ਸਿੰਘ, ਚਰਨਜੀਤ ਸਿੰਘ ਕੋਰੇਵਾਲਾ, ਝਿਰਮਿਲ ਸਿੰਘ ਰਣੀਆ, ਹਰਜੀਤ ਸਿੰਘ ਕਾਲੀਏ ਵਾਲਾ, ਸੁਰਜੀਤ ਸਿੰਘ ਚੋਟੀਆਂ, ਪ੍ਰੀਤਮਪਾਲ ਚੋਟੀਆਂ, ਅਮਨਦੀਪ ਸਿੰਘ ਡਰੋਲੀ ਅਤੇ ਹਰਪ੍ਰੀਤ ਸਿੰਘ ਚੋਟੀਆਂ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ |