ਮੋਗਾ, 20 ਫਰਵਰੀ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਦੇ ਪੀ.ਜੀ. ਕਾਮਰਸ ਵਿਭਾਗ ਵਲੋਂ ਪੰਜਾਬ ਨੈਸ਼ਨਲ ਬੈਂਕ, ਮੋਗਾ ਦੇ ਸਹਿਯੋਗ ਨਾਲ ''ਸਮੇਂ ਦਾ ਪ੍ਰਬੰਧਨ ਅਤੇ ਸਿਹਤਮੰਦ ਜੀਵਨ ਸ਼ੈਲੀ'' ਵਿਸ਼ੇ ਤਹਿਤ ਵਿਸਥਾਰ ਭਾਸ਼ਣ ਕਰਵਾਇਆ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਕਿਹਾ ਕਿ ਇਸ ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਸਮੇਂ ਦੀ ਮਹੱਤਤਾ ਸਮਝਾਉਣਾ ਅਤੇ ਤਣਾਅ-ਮੁਕਤ ਤੇ ਸੰਤੁਲਿਤ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਹੈ | ਕਾਮਰਸ ਵਿਭਾਗ ਦੇ ਸਹਾਇਕ ਪ੍ਰੋ. ਡਾ. ਸਵਾਤੀ ਮਿੱਤਲ ਨੇ ਜੀਅ ਆਇਆ ਆਖਿਆ ਅਤੇ ਮੁੱਖ ਵਕਤਾ ਪੰਜਾਬ ਨੈਸ਼ਨਲ ਬੈਂਕ ਮੋਗਾ ਦੇ ਚੀਫ਼ ਮੈਨੇਜਰ ਸੁਖਬੀਰ ਸਿੰਘ ਦੀਆਂ ਉਪਲਬਧੀਆਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ | ਸੁਖਬੀਰ ਸਿੰਘ ਨੇ ਕਿਹਾ ਕਿ ਜੇਕਰ ਵਿਦਿਆਰਥੀ ਆਪਣੇ ਨਿੱਤ ਦੇ ਕਾਰਜ ਨੂੰ ਯੋਜਨਾਬੱਧ ਢੰਗ ਨਾਲ ਤਿਆਰ ਕਰਨ ਤਾਂ ਵਿਦਿਆਰਥੀ ਕੇਵਲ ਪੜ੍ਹਾਈ ਵਿਚ ਬਲਕਿ ਆਪਣੇ ਨਿੱਜੀ ਜੀਵਨ ਵਿਚ ਵੀ ਵਧੀਆ ਨਤੀਜੇ ਹਾਸਲ ਕਰ ਸਕਦੇ ਹਨ | ਇਸ ਮੌਕੇ ਸਿਹਤਮੰਦ ਜੀਵਨ ਸ਼ੈਲੀ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ ਗਿਆ | ਉਨ੍ਹਾਂ ਨੇ ਸੰਤੁਲਿਤ ਆਹਾਰ, ਕਸਰਤ, ਪੂਰੀ ਨੀਂਦ ਅਤੇ ਸਕਾਰਾਤਮਿਕ ਸੋਚ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦੀ ਸਲਾਹ ਦਿੱਤੀ | ਪੰਜਾਬ ਨੈਸ਼ਨਲ ਬੈਂਕ ਮੋਗਾ ਵਲੋਂ ਕਾਲਜ ਨੂੰ ਦੋ ਵਾਟਰ ਡਿਸਪੈਂਸਰ ਭੇਟ ਕੀਤੇ | ਪੀ.ਜੀ. ਕਾਮਰਸ ਵਿਭਾਗ ਦੇ ਮੁਖੀ ਸੁਸ਼ਮਾ ਗੁਪਤਾ ਨੇ ਧੰਨਵਾਦ ਕੀਤਾ | ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਮੋਗਾ ਦੇ ਬਰਾਂਚ ਮੈਨੇਜਰ ਸ਼ੀਨਮ ਅਤੇ ਸਟਾਫ਼ ਹਾਜ਼ਰ ਸਨ |