ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਤੇ ਗਰਮੀ ਦੇ ਪ੍ਰਭਾਵ ਤੋਂ ਕਣਕ ਦੀ ਫ਼ਸਲ ਨੂੰ ਬਚਾਉਣ ਲਈ ਹਲਕਾ ਪਾਣੀ ਲਗਾਉਣ | ਉਨ੍ਹਾਂ ਕਿਹਾ ਕਿ ਮੋਗਾ ਦੇ ਕਿਸਾਨਾਂ ਵਲੋਂ ਕਣਕ ਦੀ ਬਿਜਾਈ ਨਵੰਬਰ ਦੇ ਪਹਿਲੇ ਪੰਦ੍ਹਰਵਾੜੇ ਤੱਕ ਕਰ ਦਿੱਤੀ ਗਈ ਸੀ ਜੋ ਬਿਜਾਈ ਦਾ ਢੁਕਵਾਂ ਸਮਾਂ ਸੀ | ਕਣਕ ਦੀ ਫ਼ਸਲ ਦਾਣੇ ਪੈਣ ਸਮੇਂ ਵੱਧ ਤਾਪਮਾਨ ਪ੍ਰਤੀ ਸੰਵੇਦਨਸ਼ੀਲ ਫ਼ਸਲ ਹੈ | ਇਸ ਸਮੇਂ ਵਧਦੀ ਗਰਮੀ ਦਾ ਮਾੜਾ ਪ੍ਰਭਾਵ ਕਣਕ ਦੀ ਫ਼ਸਲ 'ਤੇ ਪੈਂਦਾ ਹੈ, ਜਿਸ ਕਾਰਨ ਫ਼ਸਲ ਦੇ ਝਾੜ ਤੇ ਗੁਣਵੱਤਾ ਵਿਚ ਗਿਰਾਵਟ ਆਉਂਦੀ ਹੈ | ਜੇਕਰ ਦਿਨ ਦਾ ਤਾਪਮਾਨ 35 ਡਿਗਰੀ ਤੋਂ ਵਧਦਾ ਹੈ ਤਾਂ ਇਸ ਨਾਲ ਕਣਕ ਦੀ ਫ਼ਸਲ ਦੇ ਦਾਣੇ ਮਾੜੇ ਰਹਿ ਜਾਂਦੇ ਹਨ, ਫ਼ਸਲ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 'ਚ ਗਿਰਾਵਟ ਆ ਜਾਂਦੀ ਹੈ | ਇਸ ਸਮੇਂ ਦਿਨੋਂ-ਦਿਨ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਜਿਸ ਨਾਲ ਕਣਕ ਦੀ ਫ਼ਸਲ 'ਤੇ ਮਾੜਾ ਪ੍ਰਭਾਵ ਪੈਣ ਦਾ ਖ਼ਦਸ਼ਾ ਹੈ | ਉਨ੍ਹਾਂ ਕਿਹਾ ਕਿ ਕਣਕ ਦੇ ਸਿੱਟੇ ਨਿਕਲਣ ਸਮੇਂ ਅਤੇ ਪੱਕਣ ਸਮੇਂ ਗਰਮੀ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਬਹੁਤ ਮਹੱਤਤਾ ਹੈ, ਇਸ ਲਈ ਕਿਸਾਨ ਕਣਕ ਦੀ ਫ਼ਸਲ ਨੂੰ ਗਿੱਲੇ ਵੱਤਰ 'ਤੇ ਹੀ ਪਾਣੀ ਲਗਾਉਣ ਕਿਉਂਕਿ ਜੇਕਰ ਵੱਤਰ ਸੁਕਾ ਕੇ ਪਾਣੀ ਲਾਇਆ ਗਿਆ ਤਾਂ ਹਲਕੀ ਜਿਹੀ ਹਵਾ ਦੇ ਨਾਲ ਫ਼ਸਲ ਡਿਗ ਪੈਂਦੀ ਹੈ ਤੇ ਝਾੜ ਘੱਟ ਜਾਂਦਾ ਹੈ | ਇਸ ਲਈ ਫ਼ਸਲ ਨੂੰ ਹਲਕਾ ਪਾਣੀ ਦੇਣਾ ਲਾਹੇਵੰਦ ਹੋਵੇਗਾ ਅਤੇ ਪਾਣੀ ਦੇਣ ਸਮੇਂ ਹਵਾ ਦਾ ਰੁਖ਼ ਵੇਖਣਾ ਵੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਜਦ ਗੋਭ ਅਵਸਥਾ 'ਚ ਹੋਵੇ ਤਾਂ ਗਰਮ ਤਾਪਮਾਨ ਤੋਂ ਬਚਾਉਣ ਲਈ ਕਿਸਾਨ 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਣਕ ਦੀ ਫ਼ਸਲ 'ਤੇ ਕਰ ਸਕਦੇ ਹਨ | ਪਹਿਲਾ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਤੇ ਦੂਜਾ ਬੂਰ ਪੈਣ ਸਮੇਂ ਕੀਤਾ ਜਾ ਸਕਦਾ ਹੈ |