ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)-ਬਲਾਕ ਸੰਮਤੀ ਜ਼ੋਨ ਦੌਲਤਪੁਰਾ ਤੋਂ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਢਿੱਲੋਂ ਕਾਹਨ ਸਿੰਘ ਵਾਲਾ ਜਿਨ੍ਹਾਂ ਨੇ ਮੌਜੂਦਾ ਸਰਕਾਰ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ, ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰ ਕੇ ਅਸ਼ੀਰਵਾਦ ਲਿਆ ਅਤੇ ਉਨ੍ਹਾਂ ਨੂੰ ਰਿਹਾਈ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਨੌਜਵਾਨ ਅਕਾਲੀ ਆਗੂ ਤੇ ਦਰਸ਼ਨ ਸਿੰਘ ਢਿੱਲੋਂ ਦੇ ਬੇਟੇ ਕਿਰਨਜੋਤ ਸਿੰਘ ਢਿੱਲੋਂ, ਅਕਾਲੀ ਆਗੂ ਧਰਮ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਤੇ ਸਰਕਲ ਪ੍ਰਧਾਨ ਰਵਦੀਪ ਸਿੰਘ ਸੰਘਾ ਵੀ ਮਜੀਠੀਆ ਨੂੰ ਮਿਲੇ | ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ | ਮਜੀਠੀਆ ਨੇ ਦਰਸ਼ਨ ਸਿੰਘ ਢਿੱਲੋਂ ਨੂੰ ਬਲਾਕ ਸੰਮਤੀ ਚੋਣਾਂ ਦੀ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ ਤੇ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ | ਹੁਣ ਇੱਕਜੁੱਟ ਤੇ ਤਕੜੇ ਹੋ ਕੇ ਇਸ ਪੰਜਾਬ ਵਿਰੋਧੀ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਨੂੰ ਘੇਰਨ ਦਾ ਵਕਤ ਆ ਗਿਆ ਹੈ, ਜੋ ਚਾਰ ਸਾਲ ਤੋਂ ਝੂਠਾ ਪ੍ਰਚਾਰ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਸਰਕਾਰ ਬਣਾਈ ਸੀ | ਹੁਣ ਲੋਕ ਵੀ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ |