ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)- ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਿਲ ਜਥੇਬੰਦੀਆਂ ਨੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਅੱਗੇ ਧਰਨਾ ਲਾਇਆ | ਧਰਨੇ ਵਿਚ ਸੰਬੋਧਨ ਕਰਦਿਆਂ ਅਲੱਗ-ਅਲੱਗ ਜਥੇਬੰਦੀਆਂ ਦੇ ਆਗੂਆਂ ਬਲੌਰ ਸਿੰਘ ਘੱਲ ਕਲਾਂ ਵਿੱਤ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਰਾਜੇਵਾਲ, ਇਕਬਾਲ ਸਿੰਘ ਗਲੋਟੀ ਸੂਬਾ ਆਗੂ ਬੀਕੇਯੂ ਲੱਖੋਵਾਲ, ਕਸ਼ਮੀਰ ਸਿੰਘ ਕ੍ਰਾਂਤੀਕਾਰੀ ਯੂਨੀਅਨ ਪੰਜਾਬ, ਨਿਰਭੈ ਸਿੰਘ ਢੁੱਡੀਕੇ ਕਿਰਤੀ ਕਿਸਾਨ ਯੂਨੀਅਨ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਕਾਲੇਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਹਰਦਿਆਲ ਸਿੰਘ ਕੁੱਲ ਹਿੰਦ ਕਿਸਾਨ ਸਭਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਿਜਲੀ ਸੋਧ ਬਿੱਲ ਅਤੇ ਬੀਜ ਸੋਧ ਬਿੱਲ 2025 ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਕਿਰਤੀਆਂ ਨਾਲ ਸੰਬੰਧਿਤ ਚਾਰ ਕਿਰਤ ਕੋਡ ਲਿਆਂਦੇ ਗਏ ਹਨ | ਮਨਰੇਗਾ ਦੀ ਥਾਂ 'ਤੇ ਜੀ ਰਾਮ ਜੀ ਕਾਨੂੰਨ ਲਿਆਂਦਾ ਗਿਆ ਹੈ ਤੇ ਅਮਰੀਕਾ ਨਾਲ ਟਰੇਡ ਫ਼੍ਰੀ ਸਮਝੌਤਾ ਕੀਤਾ ਜਾ ਰਿਹਾ ਹੈ | ਇਹ ਕਾਨੂੰਨ ਖੇਤੀ ਤੇ ਆਮ ਲੋਕਾਂ ਲਈ ਰੋਟੀ ਰੋਜ਼ੀ ਵਿਰੁੱਧ 3 ਤਿੰਨ ਕਾਲੇ ਕਾਨੂੰਨਾਂ ਵਰਗਾ ਹੀ ਹਮਲਾ ਹੈ | ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਤੇ ਆਪਣੀ ਖੇਤੀ ਨੂੰ ਬਚਾਉਣ ਲਈ ਸਾਨੂੰ ਇਕ ਵੱਡੇ ਤੇ ਆਰ-ਪਾਰ ਦੇ ਸੰਘਰਸ਼ ਕਰਨ ਲਈ ਕਮਰਕੱਸਾ ਕਰਨਾ ਚਾਹੀਦਾ ਹੈ | ਕੇਂਦਰ ਸਰਕਾਰ ਦੀ ਤਰ੍ਹਾਂ ਹੀ ਭਗਵੰਤ ਮਾਨ ਸਰਕਾਰ ਵੀ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਕੁਝ ਬੋਲਣ ਦੀ ਥਾਂ ਇਨ੍ਹਾਂ ਨੂੰ ਲਾਗੂ ਕਰਨ ਦੇ ਰਾਹ 'ਤੇ ਤੁਰੀ ਹੋਈ ਹੈ | ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਹੀ ਸਰਕਾਰਾਂ ਦੇ ਜੇ ਕੋਈ ਇਨ੍ਹਾਂ ਦੇ ਵਿਰੁੱਧ ਬੋਲਦਾ ਹੈ ਤਾਂ ਉਨ੍ਹਾਂ ਦੀ ਜ਼ੁਬਾਨ ਬੰਦ ਕਰਨ ਲਈ ਉਨ੍ਹਾਂ ਉੱਪਰ ਡਾਂਗ ਚਲਾਉਂਦੀਆਂ ਹਨ ਤੇ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ | ਜੇਕਰ ਸਰਕਾਰਾਂ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਆਉਂਦੇ ਸਮੇਂ ਸਰਕਾਰਾਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ | ਅੱਜ ਪਿੰਡਾਂ ਵਿਚ ਕਿਸਾਨਾਂ ਦੀ ਆਲੂ ਦੀ ਫ਼ਸਲ ਰੁਲ ਰਹੀ ਹੈ | ਕਿਸਾਨ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੇ ਹਨ, ਕੋਈ ਵੀ ਸਰਕਾਰ ਉਨ੍ਹਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੈ | ਇਸ ਲਈ ਅਸੀਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਹਾਂ, ਜੇ ਸਰਕਾਰਾਂ ਨੇ ਇਹ ਤਾਨਾਸ਼ਾਹੀ ਰਵੱਈਆ ਨਾ ਛੱਡਿਆ ਤਾਂ ਵੱਡੇ ਸੰਘਰਸ਼ ਵਿੱਢੇ ਜਾਣਗੇ | ਇਸ ਮੌਕੇ ਗੁਰਮੀਤ ਸਿੰਘ ਕਿਸ਼ਨਪੁਰਾ, ਇਕਬਾਲ ਸਿੰਘ ਸਿੰਘਾਂਵਾਲਾ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਮਨਜੀਤ ਕੌਰ ਨੱਥੂਵਾਲਾ, ਗੁਰਮੇਲ ਸਿੰਘ ਡਰੋਲੀ ਭਾਈ ਬਲਾਕ ਪ੍ਰਧਾਨ, ਹਰਨੇਕ ਸਿੰਘ ਫ਼ਤਿਹਗੜ੍ਹ, ਪ੍ਰੇਮ ਲਾਲਪੁਰੀ ਬੀਕੇਯੂ ਲੱਖੋਵਾਲ, ਚਮਕੌਰ ਸਿੰਘ, ਹਰਮੇਲ ਸਿੰਘ ਘਾਲੀ, ਮੇਜਰ ਸਿੰਘ ਫੂਲੇਵਾਲ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ ਲੱਖੋਵਾਲ, ਹਰਭਜਨ ਘੋਲੀਆ, ਗੁਰਦਿਆਲ ਸਿੰਘ ਕਿਸ਼ਨਪੁਰਾ, ਕੁਲਜੀਤ ਸਿੰਘ, ਜਗਰੂਪ ਸਿੰਘ ਮਾਹਲਾ, ਗੁਰਤੇਜ ਸਿੰਘ, ਸੁਖਦੇਵ ਸਿੰਘ, ਚਮਕੌਰ ਸਿੰਘ ਸੂਬਾ ਆਗੂ, ਬਲਵੰਤ ਸਿੰਘ, ਗੁਰਦੇਵ ਸਿੰਘ, ਪ੍ਰਕਾਸ਼ ਸਿੰਘ, ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ, ਪਾਲ ਸਿੰਘ, ਬਾਜ ਸਿੰਘ, ਜਸਵੀਰ ਸਿੰਘ, ਜਸਪ੍ਰੀਤ ਸਿੰਘ, ਗੁਰਪਿਆਰ ਸਿੰਘ, ਸੇਵਕ ਸਿੰਘ, ਸਾਧੂ ਸਿੰਘ, ਸੇਵਕ ਸਿੰਘ, ਮੁਕੰਦ ਸਿੰਘ, ਬਲਜੀਤ ਸਿੰਘ ਲੰਡੇ, ਮਨਪ੍ਰੀਤ ਸਿੰਘ ਬਗੇਲਾ, ਦੇਸੂ ਸਿੰਘ ਸੋਸਣ, ਗੁਰਦੀਪ ਸਿੰਘ ਖੇਤ ਮਜ਼ਦੂਰ ਯੂਨੀਅਨ, ਸਾਧੂ ਸਿੰਘ ਨੌਜਵਾਨ ਸਭਾ ਭਾਰਤ, ਬਲਵਿੰਦਰ ਸਿੰਘ ਗੱਗਾ, ਮੇਜਰ ਸਿੰਘ ਫੂਲੇਵਾਲਾ, ਜਗਦੀਪ ਸਿੰਘ, ਗੁਰਮਜੀਤ ਸਿੰਘ, ਅੰਗਰੇਜ ਸਿੰਘ, ਨਰਿੰਦਰਪਾਲ ਸਿੰਘ ਦੌਲਤਪੁਰਾ, ਮਹਿੰਦਰ ਸਿੰਘ ਦੌਲਤਪੁਰਾ, ਗਗਨਦੀਪ ਸਿੰਘ, ਬੰਤ ਸਿੰਘ ਨਿਧਾਂਵਾਲਾ, ਬਲਦੇਵ ਸਿੰਘ, ਦਵਿੰਦਰ ਸਿੰਘ, ਬਾਬੂ ਸਿੰਘ ਸਮੇਤ ਵੱਡੀ ਗਿਣਤੀ 'ਚ ਕਿਸਾਨ ਆਗੂ ਹਾਜ਼ਰ ਸਨ |
ਕਿਸਾਨ, ਮਜ਼ਦੂਰ ਅਤੇ ਟਰੇਡ ਯੂਨੀਅਨਾਂ ਵਲੋਂ ਭਾਜਪਾ ਆਗੂ ਹਰਜੋਤ ਕਮਲ ਦੇ ਘਰ ਅੱਗੇ ਧਰਨਾ
ਅਜੀਤਵਾਲ, (ਹਰਦੇਵ ਸਿੰਘ ਮਾਨ)-ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੇ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1, ਬਲਾਕ ਨਿਹਾਲ ਸਿੰਘ ਵਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਭਾਜਪਾ ਆਗੂ ਡਾ. ਹਰਜੋਤ ਕਮਲ ਦੀ ਅਜੀਤਵਾਲ ਰਿਹਾਇਸ਼ ਅੱਗੇ ਧਰਨਾ ਲਾਇਆ ਗਿਆ, ਜਿਸ ਦੌਰਾਨ ਸੰਬੋਧਨ ਦੌਰਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਦੀ ਹੱਥ ਠੋਕਾ ਬਣ ਲਗਾਤਾਰ ਆਮ ਜਨਤਾ ਵਿਰੋਧੀ ਕਾਨੰੂਨ ਲਿਆ ਸਾਮਰਾਜੀ ਮੁਲਕਾਂ ਨਾਲ ਸਮਝੌਤੇ ਕਰ ਰਹੀ ਹੈ, ਜਿਸ ਤਹਿਤ ਸੀਡ ਬਿੱਲ, ਬਿਜਲੀ ਬਿੱਲ 2025, ਲੇਬਰ ਕੋਡ ਸੋਧ ਵਰਗੇ ਆਮ ਵਰਗ ਮਾਰੂ ਬਿੱਲ ਲਿਆਂਦੇ ਗਏ ਹਨ, ਇਹ ਬਿਜਲੀ ਬਿੱਲ ਲਿਆ ਸਰਕਾਰ ਵਲੋਂ ਆਮ ਲੋਕਾਂ ਨੂੰ ਮਿਲਣ ਵਾਲੀ ਸਬਸਿਡੀ ਬੰਦ ਕੀਤੀ ਜਾਵੇਗੀ ਨਾਲ ਹੀ ਕਿਸਾਨਾਂ ਨੂੰ ਮਿਲਣ ਵਾਲੀ ਮੁਫ਼ਤ ਬਿਜਲੀ ਬੰਦ ਕਰ ਕਿਸਾਨੀ ਤੇ ਮਾਰੂ ਹੱਲੇ ਦੀ ਤਿਆਰੀ ਕਰ ਚੁੱਕੀ ਹੈ, ਇਵੇਂ ਹੀ ਬੀਜ ਸੋਧ ਐਕਟ ਲਿਆ ਕਿਸਾਨੀ ਜ਼ਮੀਨਾਂ ਕਾਰਪੋਰੇਟ ਨੂੰ ਸੌਂਪਣ ਦੀ ਸਰਕਾਰ ਦੀ ਮਨਸ਼ਾ ਸਾਫ਼ ਦਿਖਾਈ ਦੇ ਰਹੀ ਹੈ | ਆਗੂਆਂ ਨੇ ਕਿਹਾ ਅਮਰੀਕਾ ਨਾਲ ਮੁਫ਼ਤ ਟਰੇਡ ਸਮਝੌਤਾ ਕਰਕੇ ਮੋਦੀ ਸਰਕਾਰ ਨੇ ਸਾਡੇ ਖੇਤੀ ਢਾਂਚੇ ਦੇ ਗਲ ਫਾਂਸੀ ਦਾ ਰੱਸਾ ਪਾ ਦਿੱਤਾ ਹੈ | ਮਨਰੇਗਾ ਦਾ ਨਾਮ ਬਦਲ ਜੀ ਰਾਮ ਜੀ ਕਰਨ ਦੇ ਨਾਲ ਇਸ ਸਕੀਮ ਅਧੀਨ ਕੇਂਦਰ ਵਲੋਂ ਭੇਜੇ ਜਾਂਦੇ ਫ਼ੰਡ ਨੂੰ ਲਗਭਗ ਅੱਧਾ ਕਰਕੇ ਮਜ਼ਦੂਰ ਵਰਗ ਨਾਲ ਵੱਡਾ ਧੋਖਾ ਕੀਤਾ ਗਿਆ ਹੈ. ਆਲੂ ਕਾਸ਼ਤਕਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਆਲੂ ਬੀਜਣ ਵਾਲੇ ਕਿਸਾਨ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਹੇ ਨੇ ਪਰ ਸਮੇਂ ਦੀਆਂ ਸਰਕਾਰਾਂ ਸੁੱਤੀਆਂ ਪਈਆਂ ਹਨ | ਆਗੂਆਂ ਨੇ ਕਿਹਾ ਕਿ ਆਪਣੇ ਹੱਕਾਂ ਆਪਣੀ ਜ਼ਮੀਨ ਦੀ ਰਾਖੀ ਕਰਨ ਦਾ ਇਕੋ ਇਕ ਰਾਹ ਸੰਘਰਸ਼ ਦੇ ਦਾਇਰੇ ਨੂੰ ਵਿਸ਼ਾਲ ਕਰਨਾ ਹੋਵੇਗਾ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਿਰਭੈ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਜਗਜੀਤ ਸਿੰਘ ਮੱਦੋਕੇ, ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਗੁਰਚਰਨ ਸਿੰਘ ਰਾਮਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਆਗੂ ਅੰਗਰੇਜ਼ ਸਿੰਘ ਮੱਦੋਕੇ, ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਪੰਜਾਬ ਦੇ ਹਰਦੇਵ ਸਿੰਘ ਸਬਡਵੀਜ਼ਨ ਪ੍ਰਧਾਨ ਰਾਜ ਕੁਮਾਰ, ਟੀ.ਐਸ.ਯੂ. ਦੇ ਸੂਬਾ ਮੀਤ ਪ੍ਰਧਾਨ ਸੇਵਕ ਸਿੰਘ ਬੱਧਨੀ, ਬਲਜੀਤ ਸਿੰਘ, ਉਗਰਾਹਾਂ ਜਥੇਬੰਦੀ ਦੇ ਜਗਜੀਤ ਸਿੰਘ ਕੋਕਰੀ, ਕੇਵਲ ਕਿ੍ਸ਼ਨ, ਬੂਟਾ ਸਿੰਘ ਭਾਗੀਕੇ, ਮਾਸਟਰ ਸਵਰਨ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਬੂਟਾ ਸਿੰਘ, ਜਸਮੇਲ ਸਿੰਘ, ਮੋਹਣ ਸਿੰਘ ਡਾਲਾ, ਅਵਤਾਰ ਸਿੰਘ, ਸ਼ਿੰਦਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ |
ਭਾਜਪਾ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਦਾ ਪੁਤਲਾ ਫ਼ੂਕ ਕੇ ਕੀਤੀ ਨਾਅਰੇਬਾਜ਼ੀ
ਮੋਗਾ, (ਸੁਰਿੰਦਰਪਾਲ ਸਿੰਘ)-ਭਾਰਤ 'ਚ ਹੋ ਰਹੀ ਏ.ਆਈ. ਇੰਪੈਕਟ ਸਮਿਟ ਦੌਰਾਨ ਕਾਂਗਰਸ ਵਰਕਰਾਂ ਵਲੋਂ ਕੀਤੇ ਗਏ ਅਰਧ ਨਗਨ ਪ੍ਰਦਰਸ਼ਨ ਦੇ ਵਿਰੋਧ ਵਿਚ ਭਾਰਤੀ ਜਨਤਾ ਪਾਰਟੀ ਨੇ ਮੋਗਾ ਵਿਚ ਤਿੱਖਾ ਰੋਸ ਪ੍ਰਗਟਾਇਆ | ਪਾਰਟੀ ਦੇ ਦੁੱਨੇਕੇ ਸਥਿਤ ਜ਼ਿਲ੍ਹਾ ਦਫ਼ਤਰ ਦੇ ਬਾਹਰ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਕਾਂਗਰਸ ਦਾ ਪ੍ਰਤੀਕ ਪੁਤਲਾ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਘਟਨਾ ਦੀ ਕੜੀ ਨਿੰਦਾ ਕੀਤੀ | ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਕਰਵਾਏ ਇਸ ਮਹੱਤਵਪੂਰਨ ਮੰਚ 'ਤੇ ਜਿੱਥੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ, ਨੀਤੀ-ਨਿਰਧਾਰਕ ਅਤੇ ਉਦਯੋਗ ਜਗਤ ਦੇ ਵਿਦਵਾਨ ਭਾਰਤ ਦੀ ਵਿਕਾਸ ਯਾਤਰਾ, ਨਿਵੇਸ਼ ਸੰਭਾਵਨਾਵਾਂ ਅਤੇ ਨਵਾਚਾਰ ਮਾਡਲ 'ਤੇ ਚਰਚਾ ਕਰਨ ਲਈ ਇਕੱਠੇ ਹੋਏ ਸਨ, ਉੱਥੇ ਇਸ ਤਰ੍ਹਾਂ ਦਾ ਕਿਰਤ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਸ਼ਾਰੇ 'ਤੇ ਸੋਚੇ-ਸਮਝੇ ਤਰੀਕੇ ਨਾਲ ਕੀਤਾ ਗਿਆ | ਡਾ. ਕਮਲ ਨੇ ਕਿਹਾ ਕਿ ਜਦੋਂ ਦੇਸ਼ ਵਿਸ਼ਵ ਮੰਚ 'ਤੇ ਆਪਣੀ ਆਰਥਿਕ ਮਜ਼ਬੂਤੀ, ਡਿਜੀਟਲ ਕ੍ਰਾਂਤੀ, ਸਟਾਰਟਅਪ ਈਕੋ ਸਿਸਟਮ ਅਤੇ ਮਜ਼ਬੂਤ ਲੋਕਤੰਤਰਿਕ ਪ੍ਰਣਾਲੀ ਦਾ ਪ੍ਰਦਰਸ਼ਨ ਕਰ ਰਿਹਾ ਹੈ, ਤਦ ਇਸ ਤਰ੍ਹਾਂ ਦਾ ਹੰਗਾਮਾ ਭਾਰਤ ਦੀ ਅੰਤਰ-ਰਾਸ਼ਟਰੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦਾ ਵਿਰੋਧ ਕਰਦੇ ਕਰਦੇ ਕਾਂਗਰਸ ਹੁਣ ਦੇਸ਼ ਦੀ ਹੀ ਵਿਰੋਧੀ ਪਾਰਟੀ ਬਣ ਗਈ ਹੈ | ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਰਹੇ ਅਤੇ ਕਾਂਗਰਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਗੁਰਬੀਰ ਸਿੰਘ ਧਰਮਕੋਟ, ਸੋਨੀ ਮੰਗਲਾ, ਹਰਮਨਦੀਪ ਮੀਤਾ, ਜੀਤਾ ਘੱਲ ਕਲਾਂ, ਸੰਜੀਵ ਕੁਮਾਰ, ਬਲਵੰਤ ਸਿੰਘ, ਸੁਰਿੰਦਰ ਸਿੰਘ, ਧੀਰਜ ਕੁਮਾਰ, ਸਤਨਾਮ ਸਿੰਘ, ਉਮਾਕਾਂਤ ਰਾਏ, ਸੁਖਚੈਨ ਸਿੰਘ, ਕਮਲਜੀਤ ਕੌਰ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਬਿੰਦਰ ਸਿੰਘ, ਚਰਨਜੀਤ ਕੌਰ ਆਦਿ ਹਾਜ਼ਰ ਸਨ |
ਕਿਸਾਨ ਜਥੇਬੰਦੀਆਂ ਨੇ ਵਿਧਾਇਕਾਂ ਦੇ ਘਰਾਂ ਮੂਹਰੇ ਲਗਾਏ ਧਰਨੇ
ਅਜੀਤ ਡੈਸਕ
23-02-2026