ਫ਼ਤਿਹਗੜ੍ਹ ਪੰਜਤੂਰ, 12 ਮਾਰਚ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ, ਸਾਬਕਾ ਮੰਤਰੀ ਪੰਜਾਬ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਤੋਤਾ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਈ ਦਹਾਕਿਆਂ ਤੋਂ ਹਰ ਸਾਲ ਚੇਤਰ ਮਹੀਨੇ ਦੀ ਸੰਗਰਾਂਦ ਮੌਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਲੰਗਰ ਸੇਵਾ ਸ਼ੁਰੂ ਕੀਤੀ ਗਈ | ਇਸ ਪਵਿੱਤਰ ਸੇਵਾ ਨੂੰ ਮਰਹੂਮ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਜਾਰੀ ਰੱਖਿਆ ਜਾ ਰਿਹਾ ਹੈ | ਇਹ ਪ੍ਰਗਟਾਵਾ ਆਗੂ ਗੁਰਨਾਮ ਸਿੰਘ ਵਿਰਕ ਸਾਬਕਾ ਚੇਅਰਮੈਨ, ਜੋਗਿੰਦਰ ਸਿੰਘ ਪੱਪੂ ਕਾਨੇਵਾਲਾ, ਮਹਿੰਦਰ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਮਨੇਜ ਖੰਬਾ, ਮੀਡੀਆ ਇੰਚਾਰਜ ਬਲਜੀਤ ਸਿੰਘ ਥਿੰਦ, ਗੁਰਪ੍ਰੀਤ ਸਿੰਘ ਹੇਅਰ ਗਲੋਟੀ ਅਤੇ ਹੋਰ ਸਾਥੀਆਂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਸਾਲ ਵੀ ਪਵਿੱਤਰ ਪਰੰਪਰਾ ਪੂਰੇ ਸਤਿਕਾਰ ਨਾਲ ਬਰਜਿੰਦਰ ਬਰਾੜ ਦੀ ਅਗਵਾਈ ਹੇਠ ਜਾਰੀ ਰਹੇਗੀ ਤੇ ਸਰਕਲ ਫ਼ਤਿਹਗੜ੍ਹ ਪੰਜਤੂਰ ਦੇ ਵਲੋਂ ਇਸ ਸੇਵਾ ਵਿਚ ਸਹਿਯੋਗ ਦਿੱਤਾ ਜਾਵੇਗਾ | ਇਸ ਸਬੰਧੀ ਗੱਲਬਾਤ ਕਰਦਿਆਂ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਹ ਆਪਣੇ ਪਿਤਾ ਜੀ ਦੀ ਸੇਵਾ ਭਾਵਨਾ ਤੇ ਗੁਰੂ ਘਰ ਪ੍ਰਤੀ ਨਿਸ਼ਠਾ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ ਵੀ ਲੰਗਰ ਸਮਗਰੀ ਇਕੱਠੀ ਕਰਕੇ ਸ੍ਰੀ ਦਰਬਾਰ ਸਾਹਿਬ ਵਿਚ ਲੰਗਰ ਸੇਵਾ ਨਿਭਾਈ ਜਾਵੇਗੀ | ਉਨ੍ਹਾਂ ਆਪਣੇ ਰਾਜਨੀਤਕ ਜੀਵਨ ਦੌਰਾਨ ਸਿੱਖਿਆ, ਖੇਤੀਬਾੜੀ ਤੇ ਪੇਂਡੂ ਵਿਕਾਸ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਉਨ੍ਹਾਂ ਵਲੋਂ ਮੋਗਾ, ਧਰਮਕੋਟ, ਫ਼ਤਿਹਗੜ੍ਹ ਪੰਜਤੂਰ, ਕੋਟ ਈਸੇ ਖਾਂ ਅਤੇ ਆਸ-ਪਾਸ ਦੇ ਖੇਤਰਾਂ ਵਿਚ ਸਕੂਲਾਂ, ਕਾਲਜਾਂ ਅਤੇ ਹੋਰ ਢਾਂਚਾਗਤ ਸੁਵਿਧਾਵਾਂ ਦੇ ਵਿਕਾਸ ਵਿਚ ਉਨ੍ਹਾਂ ਦੀ ਭੂਮਿਕਾ ਯਾਦਗਾਰ ਮੰਨੀ ਜਾਂਦੀ ਹੈ | ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਇਹ ਸੇਵਾ ਕੇਵਲ ਇਕ ਰਸਮ ਨਹੀਂ ਸਗੋਂ ਪਰਿਵਾਰ ਲਈ ਇਕ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਚ ਲਾਇਆ ਜਾਣ ਵਾਲਾ ਲੰਗਰ ਸੰਗਤਾਂ ਲਈ ਨਿਮਰ ਸੇਵਾ ਹੈ ਤੇ ਇਸ ਰਾਹੀਂ ਉਨ੍ਹਾਂ ਦੇ ਪਿਤਾ ਜੀ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ |