ਬੱਧਨੀ ਕਲਾਂ, 27 ਮਾਰਚ (ਸੰਜੀਵ ਕੋਛੜ)-ਖੱਤਰੀ ਸਭਾ ਬੱਧਨੀ ਕਲਾਂ ਵਲੋਂ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਭਰਵਾਲ ਤੇ ਇਕਾਈ ਸਰਪ੍ਰਸਤ ਕਿ੍ਸ਼ਨ ਗੋਪਾਲ ਕੋਛੜ ਦੀ ਅਗਵਾਈ 'ਚ ਪ੍ਰਾਚੀਨ ਸ਼ਿਵ ਮੰਦਰ (ਭਾਲਾ) ਵਿਖੇ ਮਰਯਾਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦਾ ਤਿਉਹਾਰ ਰਾਮਨੌਮੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਕੱਤਰ ਹੋਏ ਖੱਤਰੀ ਸਭਾ ਦੇ ਮੈਂਬਰਾਂ ਨੇ ਭਗਵਾਨ ਸ੍ਰੀ ਰਾਮ ਜੀ ਦੇ ਸਰੂਪ ਉੱਪਰ ਫ਼ੁੱਲ ਮਾਲਾਵਾਂ ਭੇਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ ਤੇ ਇਕੱਤਰ ਹੋਈਆਂ ਔਰਤਾਂ ਵਲੋਂ ਸ੍ਰੀ ਰਾਮ ਭਗਵਾਨ ਜੀ ਦੀ ਜੀਵਨੀ 'ਤੇ ਆਧਾਰਿਤ ਭਜਨ ਗਾਇਨ ਕਰਕੇ ਕੀਰਤਨ ਕੀਤਾ ਗਿਆ | ਮੰਦਰ ਦੇ ਪੁਜਾਰੀ ਬਿੰਦਰ ਸ਼ਰਮਾ ਨੇ ਸ੍ਰੀ ਰਾਮ ਪੂਜਾ ਕਰਵਾਈ | ਇਸ ਸਮੇਂ ਪ੍ਰਧਾਨ ਮਹਿੰਦਰਪਾਲ ਸਭਰਵਾਲ ਤੇ ਕਿ੍ਸ਼ਨ ਗੋਪਾਲ ਕੋਛੜ ਨੇ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਸਥਾਪਤ ਕੀਤੇ ਗਏ ਆਦਰਸ਼ਾਂ ਤੇ ਮਰਿਆਦਾਵਾਂ ਤੋਂ ਇਲਾਵਾ ਦਰਸਾਏ ਮਾਰਗਾਂ 'ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੇ ਗੁਰੂਆਂ ਦੇ ਦਿਨ ਮਨਾਉਣ ਨਾਲ ਆਉਂਦੀਆਂ ਪੀੜ੍ਹੀਆਂ ਨੂੰ ਨਵੀਂ ਸੇਧ ਮਿਲਦੀ ਹੈ | ਇਸ ਖ਼ੁਸ਼ੀ ਮੌਕੇ ਖੱਤਰੀ ਸਭਾ ਵਲੋਂ ਇਕੱਤਰ ਹੋਈਆਂ ਸੰਗਤਾਂ ਨੂੰ ਲੱਡੂ ਵੀ ਵੰਡੇ ਗਏ | ਸ੍ਰੀ ਰਾਮ ਨੌਵੀਂ ਦੇ ਤਿਉਹਾਰ ਦੇ ਮੱਦੇਨਜ਼ਰ ਜਿੱਥੇ ਸਾਰਾ ਦਿਨ ਮੰਦਰਾਂ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਰਹੇ, ਉੱਥੇ ਹੀ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਦੀ ਅਗਵਾਈ 'ਚ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਕ੍ਰਿਸ਼ਨ ਗੋਪਾਲ ਕੋਛੜ, ਜੈ ਚੰਦ ਝਾਂਜੀ, ਵਿਵੇਕ ਕੋਛੜ, ਮਾਸਟਰ ਸੁਰਿੰਦਰ ਕੁਮਾਰ ਝਾਂਜੀ, ਪਾਲੀ ਪੁਰੀ, ਜੀਵਨ ਕੁਮਾਰ ਪੁਰੀ, ਮੋਹਿਤ ਮਲਹੋਤਰਾ, ਜੋਬਨਪਾਲ ਪੁਰੀ, ਹਰੀਸ਼ ਪੱਬੀ, ਤਰਸੇਮ ਲਾਲ ਚੋਪੜਾ, ਕੁੰਵਰ ਨੌਨਿਹਾਲ ਸਭਰਵਾਲ, ਪਰਮਜੀਤ ਨਹਿਚਲ, ਅਸ਼ੋਕ ਮਲਹੋਤਰਾ, ਸੁਰਿੰਦਰ ਕੁਮਾਰ ਛਿੰਦਾ ਕੋਛੜ, ਕਮਲ ਕੋਛੜ ਆਦਿ ਹਾਜ਼ਰ ਸਨ |