ਬੱਧਨੀ ਕਲਾਂ, 2 ਅਪ੍ਰੈਲ (ਸੰਜੀਵ ਕੋਛੜ)-ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰਜ, ਗਰਿੱਡ ਸਬ ਸਟੇਸ਼ਨ ਯੂਨੀਅਨ, ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਸਮੂਹ ਬਿਜਲੀ ਕਾਮਿਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ 29 ਲੇਬਰ ਕਾਨੂੰਨਾਂ ਨੂੰ ਰੱਦ ਕਰਕੇ 4 ਲੇਬਰ ਕਾਨੂੰਨ ਜ਼ਬਰਦਸਤੀ ਲਾਗੂ ਕਰਨ ਦੇ ਵਿਰੋਧ 'ਚ ਕਾਲੇ ਬਿੱਲੇ ਲਗਾ ਗੇਟ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦੇ ਹੋਏ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੇਵਕ ਸਿੰਘ ਨੇ ਕਿਹਾ ਕਿ ਸਾਡੇ ਪੁਰਖਿਆਂ ਵਲੋਂ ਅਨੇਕਾ ਕੁਰਬਾਨੀਆਂ ਦੇ ਕੇ, ਤਿੱਖੇ ਸੰਘਰਸ਼ਾਂ ਰਾਹੀਂ ਮੌਕੇ ਦੀਆਂ ਸੈਂਟਰ ਸਰਕਾਰਾਂ ਤੋਂ ਇਹ ਕਾਨੂੰਨ ਮਜ਼ਦੂਰਾਂ, ਮੁਲਾਜ਼ਮਾਂ, ਕੀਰਤੀ ਲੋਕਾਂ ਦੇ ਹੱਕ ਵਿਚ ਲਾਗੂ ਕਰਵਾਏ ਗਏ ਸਨ | ਸਬ ਡਵੀਜ਼ਨ ਪ੍ਰਧਾਨ ਗੁਰਦੀਪ ਸਿੰਘ ਨੇ ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਾਂ ਦੀ ਆਵਾਜ਼ ਨੂੰ ਸਮਝਦੇ ਹੋਏ ਇਹ ਕਾਲੇ ਲੇਬਰ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ | ਆਉਣ ਵਾਲੀ 10 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਬਿਜਲੀ ਕਰਮਚਾਰੀ, ਹੈੱਡ ਆਫ਼ਿਸ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਲਾ ਮਿਸਾਲ ਧਰਨਾ ਦੇਣ ਜਾ ਰਹੇ ਹਨ | ਧਰਨੇ ਦੀ ਤਿਆਰੀ ਲਈ ਸਰਕਲ ਫ਼ਰੀਦਕੋਟ ਦੇ ਸਮੂਹ ਬਿਜਲੀ ਮੁਲਾਜ਼ਮਾਂ ਵਲੋਂ 5 ਅਪ੍ਰੈਲ ਨੂੰ ਮੋਗਾ ਵਿਖੇ ਕਨਵੈੱਨਸ਼ਨ ਕੀਤੀ ਜਾਵੇਗੀ, ਜਿਸ ਵਿਚ ਸਟੇਟ ਪੱਧਰ ਤੇ ਆਗੂ ਅਗਲੀ ਰਣਨੀਤੀ ਤਹਿਤ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਨਗੇ | ਗੇਟ ਰੈਲੀ ਦੌਰਾਨ ਸਬ ਡਵੀਜ਼ਨ ਪ੍ਰਧਾਨ ਗੁਰਦੀਪ ਸਿੰਘ, ਗੁਰਮੀਤ ਸਿੰਘ ਡਵੀਜ਼ਨ ਪ੍ਰਧਾਨ, ਸੂਬਾ ਮੀਤ ਪ੍ਰਧਾਨ ਸੇਵਕ ਸਿੰਘ, ਬਲਜੀਤ ਸਿੰਘ, ਰਵਿੰਦਰ ਕੁਮਾਰ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਜੇ ਈ, ਇੰਜ. ਜਗਰੂਪ ਸਿੰਘ, ਅਮਰਜੀਤ ਸਿੰਘ, ਮਨੋਜ ਕੁਮਾਰ ਨੇ ਸੰਬੋਧਨ ਕੀਤਾ |