ਨੱਥੂਵਾਲਾ ਗਰਬੀ, 10 ਅਪ੍ਰੈਲ (ਨਵਦੀਪ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਗੜੇਮਾਰੀ ਨੇ ਕਿਸਾਨਾਂ ਦੀਆਂ ਖ਼ੁਸ਼ੀਆਂ ਨੂੰ ਮਾਤਮ ਵਿਚ ਬਦਲ ਦਿੱਤਾ ਹੈ | ਖੇਤਾਂ 'ਚ ਖੜੀ ਸੋਹਣੀ ਲਹਿਰਾਉਂਦੀ ਫ਼ਸਲ, ਜਿਸ ਨੂੰ ਕਿਸਾਨਾਂ ਨੇ ਦਿਨ-ਰਾਤ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲਿਆ ਸੀ, ਕੁਝ ਹੀ ਪਲਾਂ ਵਿਚ ਕੁਦਰਤ ਦੇ ਕਹਿਰ ਅੱਗੇ ਢਹਿ ਗਈ | ਕਣਕ, ਸਬਜ਼ੀਆਂ ਅਤੇ ਹੋਰ ਫ਼ਸਲਾਂ ਦੇ ਵੱਡੇ ਪੱਧਰ 'ਤੇ ਨੁਕਸਾਨ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਤੇ ਮਾਯੂਸੀ ਸਾਫ਼ ਨਜ਼ਰ ਆ ਰਹੀ ਹੈ | ਇਸ ਗੰਭੀਰ ਸਥਿਤੀ ਦੇ ਬਾਵਜੂਦ ਸਰਕਾਰ ਵਲੋਂ ਹਾਲੇ ਤੱਕ ਕੋਈ ਢੁਕਵਾਂ ਕਦਮ ਨਾ ਚੁੱਕਿਆ ਜਾਣਾ ਸੂਬੇ ਦੇ ਕਿਸਾਨਾਂ ਲਈ ਹੋਰ ਵੀ ਚਿੰਤਾ ਦਾ ਕਾਰਨ ਬਣ ਰਿਹਾ ਹੈ | ਇਸ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸ ਪਾਰਟੀ ਦੇ ਸੀਨੀ ਆਗੂ ਜਗਸੀਰ ਸਿੰਘ ਕਾਲੇਕੇ ਨੇ ਸਰਕਾਰ ਨੂੰ ਕੜੇ ਸ਼ਬਦਾਂ ਵਿਚ ਘੇਰਿਆ ਹੈ | ਕਾਲੇਕੇ ਨੇ ਕਿਹਾ ਕਿ ਗੜੇਮਾਰੀ ਨਾਲ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਸਰਕਾਰ ਸਿਰਫ਼ ਦਾਅਵਿਆਂ ਅਤੇ ਖੋਖਲੇ ਬਿਆਨਾਂ ਤੱਕ ਹੀ ਸੀਮਤ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਸਿਰਫ਼ ਕਿੱਕਲੀਆਂ ਸੁਣਾਉਣ ਵਿਚ ਮਸ਼ਹੂਰ ਹੋ ਚੁੱਕੀ ਹੈ, ਜਦ ਕਿ ਜ਼ਮੀਨੀ ਹਕੀਕਤਾਂ ਤੋਂ ਇਹ ਪੂਰੀ ਤਰ੍ਹਾਂ ਕੱਟੀ ਹੋਈ ਦਿਖਾਈ ਦਿੰਦੀ ਹੈ | ਕਾਲੇਕੇ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਕਿਸਾਨਾਂ ਦੀ ਸੁਣਵਾਈ ਨਾ ਕੀਤੀ ਤਾਂ ਕਾਂਗਰਸ ਪਾਰਟੀ ਵਲੋਂ ਸੂਬਾ ਪੱਧਰ 'ਤੇ ਵੱਡਾ ਸੰਘਰਸ਼ ਛੇੜਿਆ ਜਾਵੇਗਾ |