ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸਕੂਲਾਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿਚ ਹੀ ਸਰਕਾਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਕਰ ਦਿੱਤਾ ਹੈ | ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ, ਸਕੱਤਰ ਜਗਵੀਰਨ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਈ ਮਹੀਨੇ ਸ਼ੁਰੂ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ, ਮਰਦਮਸ਼ੁਮਾਰੀ ਦੀ ਇਹ ਐਕਸਰਸਾਈਜ਼ ਫਰਵਰੀ 2027 ਤੱਕ ਚੱਲੇਗੀ ਜਿਸ ਕਾਰਨ ਅਧਿਆਪਕ ਅਪ੍ਰੈਲ ਮਹੀਨੇ ਤੋਂ ਹੀ ਮਰਦਮਸ਼ੁਮਾਰੀ ਦੀਆਂ ਟਰੇਨਿੰਗਾਂ ਵਿਚ ਉਲਝ ਕੇ ਸਕੂਲਾਂ ਤੋਂ ਦੂਰ ਹੋ ਜਾਣਗੇ | ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੀ.ਐਲ.ਓ. ਲੱਗੇ ਵੱਡੀ ਗਿਣਤੀ ਅਧਿਆਪਕਾਂ ਨੂੰ ਐਸ.ਆਈ.ਆਰ. ਸਰਵੇ ਲਈ ਸਕੂਲਾਂ ਤੋਂ ਬਾਹਰ ਵੋਟਾਂ ਦੇ ਸੁਧਾਈ ਅਤੇ ਵੋਟਾਂ ਬਣਾਉਣ ਦੇ ਕੰਮਾਂ ਵਿਚ ਲਾ ਰੱਖਿਆ ਹੈ | ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ, ਮੀਤ ਪ੍ਰਧਾਨ ਸਵਰਨ ਦਾਸ, ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਝੋਰੜਾਂ, ਸੰਯੁਕਤ ਸਕੱਤਰ ਅਮਨਦੀਪ ਮਾਛੀਕੇ, ਵਿੱਤ ਸਕੱਤਰ ਗੁਰਸ਼ਰਨ ਸਿੰਘ, ਪ੍ਰੈੱਸ ਸਕੱਤਰ ਲਖਵੀਰ ਮੁਕਤਸਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਰਦਮਸ਼ੁਮਾਰੀ ਦਾ ਕੰਮ ਕੇਂਦਰ ਸਰਕਾਰ ਦਾ ਹੈ | ਇਸ ਲਈ ਇਸ ਕੰਮ ਵਿਚ ਸਾਰੇ ਵਿਭਾਗਾਂ ਦੀਆਂ ਡਿਊਟੀਆਂ ਅਨੁਪਾਤ ਦੇ ਆਧਾਰ 'ਤੇ ਲਗਾਈਆਂ ਜਾਣ | ਜਿੱਥੋਂ ਤੱਕ ਸੰਭਵ ਹੋ ਸਕੇ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇ | ਇਸ ਸਮੇਂ ਜਗਜੀਤ ਸਿੰਘ ਰਣੀਆਂ, ਅਮਰਦੀਪ ਸਿੰਘ ਬੁੱਟਰ, ਨਰਿੰਦਰ ਸਿੰਘ, ਦੀਪਕ ਮਿੱਤਲ, ਸਵਰਨਜੀਤ ਸਿੰਘ ਭਗਤਾ, ਮਧੂ ਬਾਲਾ, ਮਮਤਾ ਕੌਸ਼ਲ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ |