ਸਮਾਧ ਭਾਈ, 21 ਅਪ੍ਰੈਲ (ਜਗਰੂਪ ਸਿੰਘ ਸਰੋਆ)-ਅੱਜ ਦੇ ਆਧੁਨਿਕ ਸਮੇਂ ਵਿਚ ਹਰ ਵਿਦਿਆਰਥੀ ਦੇ ਚੰਗੇ ਜੀਵਨ ਲਈ ਪੜ੍ਹਾਈ ਅਤੇ ਖੇਡਾਂ ਦੋਵੇਂ ਹੀ ਇਕਸਾਰ ਜ਼ਰੂਰੀ ਹਨ | ਪੜ੍ਹਾਈ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦਿੰਦੀ ਹੈ ਅਤੇ ਉਸ ਨੂੰ ਗਿਆਨਵਾਨ ਬਣਾਉਂਦੀ ਹੈ, ਜਦ ਕਿ ਖੇਡਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ | ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਦੋਂਹਾਂ ਵਿਚ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ | ਇਹ ਪ੍ਰਗਟਾਵਾ ਕੁਲਵੰਤ ਸਿੰਘ ਮਲੂਕਾ ਚੇਅਰਮੈਨ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਨੇ ਪੈੱ੍ਰਸ ਰਿਲੀਜ਼ ਰਾਹੀਂ ਕੀਤਾ | ਚੇਅਰਮੈਨ ਮਲੂਕਾ ਨੇ ਕਿਹਾ ਕਿ ਪੜ੍ਹਾਈ ਸਾਨੂੰ ਸਿੱਖਿਆ ਪ੍ਰਦਾਨ ਕਰਦੀ ਹੈ, ਜਿਸ ਨਾਲ ਅਸੀਂ ਆਪਣਾ ਭਵਿੱਖ ਸੁਨਹਿਰਾ ਬਣਾ ਸਕਦੇ ਹਾਂ | ਇਹ ਸਾਡੇ ਵਿਚ ਸੋਚਣ ਦੀ ਸਮਰੱਥਾ ਨੂੰ ਵਧਾਉਂਦੀ ਹੈ ਤੇ ਸਾਨੂੰ ਸਮਾਜ ਵਿਚ ਇਕ ਚੰਗਾ ਇਨਸਾਨ ਬਣਾਉਂਦੀ ਹੈ | ਦੂਜੇ ਪਾਸੇ, ਖੇਡਾਂ ਸਾਡੇ ਜੀਵਨ ਵਿਚ ਖ਼ੁਸ਼ੀ ਤੇ ਤਾਜ਼ਗੀ ਲਿਆਉਂਦੀਆਂ ਹਨ | ਇਹ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਤੇ ਹਰ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅਕਸਰ ਕਿਹਾ ਜਾਂਦਾ ਹੈ ਕਿ 'ਸਿਹਤ ਹੀ ਧਨ ਹੈ' ਸਿਹਤਮੰਦ ਸਰੀਰ ਵਿਚ ਸਿਹਤਮੰਦ ਦਿਮਾਗ਼ ਹੁੰਦਾ ਹੈ | ਚੇਅਰਮੈਨ ਨੇ ਕਿਹਾ ਕਿ ਸਰੀਰ ਤੰਦਰੁਸਤ ਨਹੀਂ ਹੋਵੇਗਾ ਤਾਂ ਪੜ੍ਹਾਈ ਵਿਚ ਵੀ ਪੂਰਾ ਧਿਆਨ ਨਹੀਂ ਜਾਵੇਗਾ | ਇਸ ਲਈ ਖੇਡਾਂ ਸਾਡੇ ਲਈ ਬਹੁਤ ਜ਼ਰੂਰੀ ਹਨ, ਖੇਡਾਂ ਨਾਲ ਸਾਡਾ ਮਨ ਤਾਜ਼ਾ ਰਹਿੰਦਾ | ਉਨ੍ਹਾਂ ਦੱਸਿਆ ਕਿ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮੋਗਾ ਦੇ ਪੇਂਡੂ ਇਲਾਕੇ ਸਮਾਧ ਭਾਈ ਵਿਚ ਆਈ.ਸੀ.ਐਸ.ਈ. ਬੋਰਡ ਦਾ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੋਰ ਇੰਟਰਨੈਸ਼ਨਲ ਪਬਲਿਕ ਸਕੂਲ ਖੋਲ੍ਹ ਕੇ ਜਿੱਥੇ ਵਿੱਦਿਆ ਪਸਾਰ ਕੀਤਾ ਹੈ ਤੇ ਉਹ ਖੇਡਾਂ ਦੇ ਮਹੱਤਵ ਨੂੰ ਦੇਖਦੇ ਹੋਏ ਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਹਮੇਸ਼ਾ ਤਤਪਰ ਹਨ | ਮਲੂਕਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਕੂਲ ਵਿਖੇ ਸਪੋਰਟਸ ਅਧਿਆਪਕਾਂ ਸਦਕਾ ਸੰਸਥਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਕਈ ਖੇਤਰ ਜਿਵੇਂ ਕਿ੍ਕਟ, ਹਾਕੀ, ਰਗਬੀ, ਹੈਂਡਬਾਲ ਵਿਚ ਐਸ.ਜੀ.ਐਫ.ਆਈ. ਤੱਕ ਬੱਚਿਆਂ ਦੀ ਚੋਣ ਹੋ ਚੁੱਕੀ ਹੈ | ਕਈ ਬੱਚੇ ਬੈਸਟ ਅਥਲੀਟ ਦੇ ਤੌਰ 'ਤੇ ਨੈਸ਼ਨਲ ਅਤੇ ਪੰਜਾਬ ਲੈਵਲ 'ਤੇ ਖੇਡਾਂ ਵਿਚ ਮੱਲਾਂ ਮਾਰ ਚੁੱਕੇ ਹਨ | ਮਲੂਕਾ ਨੇ ਕਿਹਾ ਕਿ ਨਵਾਂ ਸੈਸ਼ਨ ਸ਼ੁਰੂ ਹੁੰਦਿਆਂ ਹੀ ਸਕੂਲ ਵਿਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦੀ ਅਥਲੈਟਿਕ ਮੀਟ ਵੀ ਕਰਵਾਈ ਗਈ ਹੈ |