ਮੋਗਾ, 21 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਸਥਾਨਕ ਸ਼ਹਿਰ ਮੋਗਾ ਦੇ ਮੇਨ ਬਾਜ਼ਾਰ ਸਥਿਤ ਦੁਕਾਨ ਦੇ ਨਾਲ ਪਾਉਣ ਵਾਲੇ ਇਕ ਦੁਕਾਨਦਾਰ ਨੇ ਉਸ ਦੀ ਦੁਕਾਨ ਦੇ ਕੁਝ ਹਿੱਸੇ ਥਾਂ 'ਤੇ ਗ਼ੈਰ ਕਾਨੂੰਨੀ ਢੰਗ ਨਾਲ ਉਸਾਰੀ ਕਰ ਲਈ ਤੇ ਇਸ ਸਬੰਧੀ ਵਿਜੇ ਕੁਮਾਰ ਸਾਥੀ ਨੇ ਇਨਸਾਫ਼ ਲੈਣ ਲਈ ਨਗਰ ਨਿਗਮ ਕਮਿਸ਼ਨਰ ਨੂੰ ਸਬੂਤਾਂ ਸਹਿਤ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਤੇ ਉਸ ਸਮੇਂ ਦੇ ਨਗਰ ਨਿਗਮ ਕਮਿਸ਼ਨਰ ਮੈਡਮ ਚਾਰੂਮਿਤਾ ਨੇ ਨਗਰ ਨਿਗਮ ਦੇ ਅਧਿਕਾਰੀ ਭੇਜ ਕੇ ਦੁਕਾਨ ਨੂੰ ਸੀਲ ਕਰ ਕੇ ਅਗਲੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਪਰ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਦਾ ਬਾਅਦ ਵਿਚ ਤਬਾਦਲਾ ਹੋਣ 'ਤੇ ਇਹ ਸਾਰਾ ਮਾਮਲਾ ਨਗਰ ਨਿਗਮ ਮੋਗਾ ਵਲੋਂ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਤੇ ਵਿਜੇ ਕੁਮਾਰ ਸਾਥੀ ਨੂੰ ਇਨਸਾਫ਼ ਮਿਲਣ ਦੀ ਉਮੀਦ ਨਾ ਰਹੀ ਜਿਸ ਦੇ ਚੱਲਦਿਆਂ ਉਸ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਤਾਂ ਮਾਣਯੋਗ ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਨਿਗਮ ਮੋਗਾ ਨੂੰ ਕਾਰਵਾਈ ਲਈ ਹੁਕਮ ਜਾਰੀ ਕੀਤੇ ਸਨ ਪਰ ਹੈਰਤ-ਅੰਗੇਜ਼ ਗੱਲ ਇਹ ਹੈ ਕਿ ਅਜੇ ਤੱਕ ਵੀ ਨਗਰ ਨਿਗਮ ਮੋਗਾ ਨੇ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਨੇ ਦੱਸਿਆ ਕਿ ਉਹ ਇਕ ਐਡਵੋਕੇਟ ਹੋਣ ਦੇ ਨਾਤੇ ਸਾਬਕਾ ਵਿਧਾਇਕ ਵੀ ਹਨ ਤੇ ਸੀਨੀਅਰ ਸਿਟੀਜ਼ਨ ਵੀ ਹਨ | ਜੇਕਰ ਨਾਜਾਇਜ਼ ਉਸਾਰੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਆਮ ਲੋਕ ਇਨਸਾਫ਼ ਦੀ ਕੀ ਉਮੀਦ ਕਰਨਗੇ | ਉਨ੍ਹਾਂ ਕਿਹਾ ਕਿ ਕਬਜ਼ਾਧਾਰੀ ਨਗਰ ਨਿਗਮ ਵਲੋਂ ਲਗਾਈਆਂ ਦੁਕਾਨ ਦੀਆਂ ਸੀਲਾਂ ਤੋੜ ਕੇ ਉਸੇ ਦੁਕਾਨ 'ਤੇ ਆਪਣਾ ਕਾਰੋਬਾਰ ਕਰ ਰਹੇ ਹਨ ਤੇ ਨਗਰ ਨਿਗਮ ਮੋਗਾ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ | ਉਨ੍ਹਾਂ ਕਿਹਾ ਕਿ ਅਜਿਹਾ ਸੱਤਾਧਾਰੀ ਸਰਕਾਰ ਦੇ ਨੁਮਾਇੰਦਿਆਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ ਕਿ ਨਗਰ ਨਿਗਮ ਮੋਗਾ ਦੇ ਅਧਿਕਾਰੀ ਕਬਜ਼ਾਧਾਰੀਆਂ ਨਾਲ ਰਲੇ ਹੋਏ ਹਨ | ਵਿਜੇ ਕੁਮਾਰ ਸਾਥੀ ਨੇ ਕਿਹਾ ਕਿ ਉਹ ਕਾਨੂੰਨੀ ਲੜਾਈ ਲੜ ਰਹੇ ਹਨ ਤੇ ਕਾਨੂੰਨ ਤੋਂ ਕੋਈ ਵੀ ਉੱਚਾ ਨਹੀਂ ਤੇ ਉਹ ਮਾਣਯੋਗ ਅਦਾਲਤ ਵਿਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਵਾਬਦੇਹ ਵੀ ਜ਼ਰੂਰ ਬਣਾਉਣਗੇ ਤੇ ਇਨਸਾਫ਼ ਲੈ ਕੇ ਰਹਿਣਗੇ |