ਕਿਸ਼ਨਪੁਰਾ ਕਲਾਂ, 24 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਿੰਡਾਂ ਅਤੇ ਸ਼ਹਿਰਾਂ ਵਿਚ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ¢ ਇਕ ਪਾਸੇ ਮੌਸਮ ਵਿਚ ਅਚਾਨਕ ਤਬਦੀਲੀ ਕਾਰਨ ਤਾਪਮਾਨ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ | ਦੂਜੇ ਪਾਸੇ ਬਿਜਲੀ ਦੀ ਘਾਟ ਨੇ ਕਿਸਾਨਾਂ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ¢ ਉਨ੍ਹਾਂ ਕਿਹਾ ਕਿ ਦਿਨ ਵੇਲੇ ਤੇ ਰਾਤ ਸਮੇਂ ਬਿਨ੍ਹਾਂ ਕਿਸੇ ਪਹਿਲਾਂ ਸੂਚਨਾ ਦੇ ਕਈ-ਕਈ ਘੰਟਿਆਂ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਪ੍ਰਧਾਨ ਭੁੱਲਰ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਬਿਜਲੀ ਨਾ ਆਉਣ ਨਾਲ ਹਰ ਵਰਗ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ ਪਰ ਸਭ ਤੋਂ ਵੱਧ ਅਸਰ ਉਨ੍ਹਾਂ ਦੁਕਾਨਦਾਰਾਂ 'ਤੇ ਪੈ ਰਿਹਾ ਹੈ ਜਿਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਬਿਜਲੀ 'ਤੇ ਨਿਰਭਰ ਹੈ¢ ਬਿਜਲੀ ਨਾ ਹੋਣ ਕਾਰਨ ਉਹ ਸਾਰਾ ਦਿਨ ਵਿਹਲੇ ਬੈਠਣ ਲਈ ਮਜਬੂਰ ਹਨ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ¢ ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ¢ ਘਰਾਂ ਵਿਚ ਇਨਵਰਟਰਾਂ ਦੀਆਂ ਬੈਟਰੀਆਂ ਵੀ ਲੰਬੇ ਕੱਟਾਂ ਕਾਰਨ ਜਲਦੀ ਖਾਲੀ ਹੋ ਜਾਂਦੀਆਂ ਹਨ ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ¢ ਭੁੱਲਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਇਸ ਤਰ੍ਹਾਂ ਦੇ ਬਿਜਲੀ ਕੱਟ ਨਹੀਂ ਲੱਗਦੇ ਸਨ ਤੇ ਲੋਕਾਂ ਨੂੰ ਸੁਚੱਜੀ ਬਿਜਲੀ ਸਪਲਾਈ ਮਿਲਦੀ ਸੀ¢ ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵਲੋਂ ਬਿਜਲੀ ਸਰਪਲੱਸ ਹੋਣ ਦੇ ਕੀਤੇ ਜਾ ਰਹੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ |