ਮੋਗਾ, 25 ਅਪ੍ਰੈਲ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਮੋਗਾ ਨੇ ਸੀ.ਬੀ.ਐਸ.ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਸ਼ਨ 202627 ਲਈ ਕੰਪਿਊਟੇਸ਼ਨਲ ਥਿੰਕਿੰਗ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਦੀ ਸਮਝ ਵਿਸ਼ੇ 'ਤੇ ਜ਼ਿਲ੍ਹਾ ਪੱਧਰੀ ਚਰਚਾ ਪ੍ਰੋਗਰਾਮ ਕੀਤਾ | ਇਸ ਪ੍ਰੋਗਰਾਮ ਵਿਚ ਸਕੂਲ ਨੇ ਲੀਡ ਸਕੂਲ ਵਜੋਂ ਅਹਿਮ ਭੂਮਿਕਾ ਨਿਭਾਈ | ਇਸ ਵਰਕਸ਼ਾਪ ਵਿਚ ਮੋਗਾ ਦੇ 3 ਸਕੂਲਾਂ ਨੇ ਭਾਗ ਲਿਆ, ਜਿੱਥੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਸਾਹਮਣੇ ਆਪਣੇ ਪ੍ਰਜ਼ੇਂਟੇਸ਼ਨ ਪੇਸ਼ ਕੀਤੇ | ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਅਤੇ ਨਵੀਂ ਸਿੱਖਣ ਪ੍ਰਣਾਲੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਲਈ ਇਕ ਸਾਂਝਾ ਮੰਚ ਤਿਆਰ ਕਰਨਾ ਸੀ, ਜਿੱਥੇ ਉਹ ਕੰਪਿਊਟੇਸ਼ਨਲ ਥਿੰਕਿੰਗ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਨਾਲ ਸਬੰਧਿਤ ਆਪਣੇ ਤਜਰਬੇ, ਨਵੀਂ ਪੈਡਾਗੌਜੀਕਲ ਵਿਧੀਆਂ ਅਤੇ ਵਧੀਆ ਅਭਿਆਸ ਸਾਂਝੇ ਕਰ ਸਕਣ | ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵਲੋਂ ਪ੍ਰਭਾਵਸ਼ਾਲੀ ਪ੍ਰਸਤੁਤੀਆਂ ਦਿੱਤੀਆਂ ਗਈਆਂ ਜਿਨ੍ਹਾਂ ਵਿਚੋਂ ਪ੍ਰਭਸ਼ਰਨ ਕੌਰ ਆਕਸਫੋਰਡ ਸਕੂਲ ਨੇ ਡਿਜੀਟਲ ਫੁਟਪਿ੍ੰਟਸ ਅਤੇ ਡਿਜੀਟਲ ਜ਼ਿੰਮੇਵਾਰੀਆਂ ਵਿਸ਼ੇ 'ਤੇ ਪ੍ਰਸਤੁਤੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਡਿਜੀਟਲ ਦੁਨੀਆ ਵਿਚ ਸੁਰੱਖਿਅਤ ਅਤੇ ਜ਼ਿੰਮੇਵਾਰ ਰਹਿਣ ਬਾਰੇ ਜਾਗਰੂਕ ਕੀਤਾ | ਰਮਨ ਰਾਣੀ ਗੋਲਡਨ ਅਰਥ ਕਾਨਵੈਂਟ ਸਕੂਲ ਨੇ ਅਸਲ ਜ਼ਿੰਦਗੀ ਵਿਚ ਆਰਟੀਫ਼ੀਸ਼ਲ ਇੰਟੈਲੀਜੈਂਸ ਵਿਸ਼ੇ 'ਤੇ ਪ੍ਰਸਤੁਤੀ ਦਿੱਤੀ ਅਤੇ ਰੋਜ਼ਮਰ੍ਹਾ ਵਿਚ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਵਰਤੋਂ ਦੇ ਉਦਾਹਰਨ ਦਿੱਤੇ | ਤਨੂੰ ਬਾਲਾ ਬਲੂਮਿੰਗ ਬਡਜ਼ ਸਕੂਲ ਨੇ ਇੰਟਰਡਿਸ਼ਪਲਿਨਰੀ (ਸ਼ੇਪਸ ਅਤੇ ਐਂਗਲਜ਼ ਵਿਸ਼ੇ 'ਤੇ ਪ੍ਰਸਤੁਤੀ ਦਿੱਤੀ, ਜਿਸ ਵਿਚ ਗਣਿਤ ਅਤੇ ਹੋਰ ਵਿਸ਼ਿਆਂ ਵਿਚ ਕੰਪਿਊਟੇਸ਼ਨਲ ਥਿੰਕਿੰਗ ਦੇ ਇਕੱਠੇ ਪ੍ਰਯੋਗ ਨੂੰ ਦਰਸਾਇਆ ਗਿਆ | ਹਰ ਪ੍ਰਸਤੁਤੀ ਲਈ 25 ਮਿੰਟ ਦਾ ਸਮਾਂ ਨਿਰਧਾਰਿਤ ਸੀ | ਇਹ ਸਾਰੀਆਂ ਪ੍ਰਸਤੁਤੀਆਂ ਸੀ.ਬੀ.ਐਸ.ਈ. ਵਲੋਂ ਸੁਝਾਏ ਗਏ ਮਹੱਤਵਪੂਰਨ ਵਿਸ਼ਿਆਂ ਨਾਲ ਸਬੰਧਿਤ ਸਨ, ਜਿਵੇਂ ਕਿ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਵਾਸਤਵਿਕ ਜੀਵਨ ਵਿਚ ਉਪਯੋਗ, ਨੈਤਿਕਤਾ ਅਤੇ ਵੱਖ-ਵੱਖ ਵਿਸ਼ਿਆਂ ਦੇ ਆਪਸੀ ਸਬੰਧ | ਇਸ ਵਿਚਾਰ-ਵਟਾਂਦਰੇ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਕ ਦੂਜੇ ਨਾਲ ਵਿਚਾਰ ਸਾਂਝੇ ਕਰਨ ਅਤੇ ਨਵੀਂ ਸਿੱਖਣ ਤਕਨੀਕਾਂ ਬਾਰੇ ਜਾਣਨ ਦਾ ਸੁਨਹਿਰਾ ਮੌਕਾ ਦਿੱਤਾ | ਇਸ ਨਾਲ ਵਿਦਿਆਰਥੀਆਂ ਵਿਚ ਤਾਰਕਿਕ ਸੋਚ, ਰਚਨਾਤਮਿਕਤਾ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵੀ ਉਤਸ਼ਾਹ ਮਿਲਿਆ, ਜੋ 21ਵੀਂ ਸਦੀ ਦੀ ਸਿੱਖਿਆ ਲਈ ਬਹੁਤ ਜ਼ਰੂਰੀ ਹਨ | ਅੰਤ ਵਿਚ ਇਸ ਪ੍ਰੋਗਰਾਮ ਦੀ ਸਫਲਤਾ ਲਈ ਬਲੂਮਿੰਗ ਬਡਜ਼ ਸਕੂਲ ਦੀ ਭੂਮਿਕਾ ਦੀ ਖ਼ੂਬ ਸ਼ਲਾਘਾ ਕੀਤੀ ਗਈ | ਲੀਡ ਸਕੂਲ ਵਜੋਂ ਇਸ ਨੇ ਜ਼ਿਲ੍ਹੇ ਵਿਚ ਨਵੀਂ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਕੂਲਾਂ ਵਿਚਕਾਰ ਸਹਿਯੋਗ ਅਤੇ ਨਵੀਨਤਾ ਨੂੰ ਵੀ ਮਜ਼ਬੂਤ ਕੀਤਾ |