ਮੋਗਾ, 25 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅੱਜ ਤੀਸਰੀ ਬਰਸੀ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਨੇ ਕਿਹਾ ਕਿ ਜੋ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜ ਕਾਲ ਦੌਰਾਨ ਜਿੱਥੇ ਪੰਜਾਬ ਵਿਚ ਵਿਕਾਸ ਕਰ ਕੇ ਸੂਬੇ ਨੂੰ ਪਹਿਲੇ ਨੰਬਰ 'ਤੇ ਪਹੁੰਚਾਇਆ ਉੱਥੇ ਧਾਰਮਿਕ, ਰਾਜਨੀਤਕ ਅਤੇ ਧਾਰਮਿਕ ਕਦਰਾਂ ਕੀਮਤਾਂ ਨੂੰ ਵੀ ਬਰਕਰਾਰ ਰੱਖਿਆ ਅਤੇ ਹਰੇਕ ਪਾਰਟੀ ਦੇ ਆਗੂ ਉਨ੍ਹਾਂ ਤੋਂ ਸੇਧ ਲੈਂਦੇ ਅਤੇ ਯਾਦ ਕਰਦੇ ਹਨ | ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਆਪਣੇ ਪਾਰਲੀਮੈਂਟ ਦੇ ਕਾਗ਼ਜ਼ ਭਰੇ ਤਾਂ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਚਰਨ ਛੂਹ ਕੇ ਅਸ਼ੀਰਵਾਦ ਲਿਆ ਸੀ | ਜਿੱਥੇ ਪੰਜਾਬ ਦਾ ਬਹੁਤ ਵਿਕਾਸ ਕਰਵਾਇਆ ਉੱਥੇ ਹਰੇਕ ਵਰਗ ਦੀਆਂ ਕਦਰਾਂ ਕੀਮਤਾਂ ਅਤੇ ਧਾਰਮਿਕ ਸਥਾਨਾਂ ਯਾਦਗਾਰਾਂ ਨੂੰ ਵੀ ਤਿਆਰ ਕਰਵਾਇਆ ਅਤੇ ਹਿੰਦੂ ਸਿੱਖ ਏਕਤਾ ਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ | ਜਿੰਨੇ ਵੀ ਸ਼ਬਦ ਜ਼ਿੰਦਗੀ ਵਿਚ ਬੋਲੇ ਉਨ੍ਹਾਂ ਨੂੰ ਤੋਲ ਕੇ ਅਤੇ ਸਮਾਜ ਦੇ ਵਿਚ ਚੰਗੀ ਸੇਧ ਦੇਣ ਵਾਲੇ ਬੋਲੇ | ਆਗੂਆਂ ਨੇ ਕਿਹਾ ਕਿ ਅੱਜ ਦੇ ਮੁੱਖ ਮੰਤਰੀ ਅਤੇ ਰਾਜਨੀਤਕ ਆਗੂ ਜੋ ਸਟੇਜਾਂ ਤੋਂ ਬੋਲਦੇ ਭਾਵੇਂ ਉਹ ਵਿਦੇਸ਼ਾਂ ਵਿਚ ਹੋਣ, ਭਾਵੇਂ ਧਾਰਮਿਕ ਸਮਾਜਿਕ ਸਟੇਜਾਂ 'ਤੇ ਹੋਣ ਅਤੇ ਭਾਵੇਂ ਯੂਨੀਵਰਸਿਟੀਆਂ ਕਾਲਜਾਂ ਲੜਕੀਆਂ ਦੇ ਕਾਲਜਾਂ ਵਿਚ ਹੋਣ, ਉਹ ਹਮੇਸ਼ਾ ਕਿਕਲੀਆਂ ਚੁਟਕਲਿਆਂ ਕਾਮੇਡੀਆਂ ਨੂੰ ਤਰਜੀਹ ਦਿੰਦੇ ਹਨ ਅਤੇ ਪੰਜਾਬ ਦੀਆਂ ਕਦਰਾਂ ਕੀਮਤਾਂ ਨੂੰ ਵੀ ਢਾਹ ਲਾਉਂਦੇ ਜਿਸ ਕਰ ਕੇ ਅੱਜ ਲੋਕਾਂ ਨੇ ਰਾਜਨੀਤੀ ਨੂੰ ਧੰਦਾ ਬਣਾ ਲਿਆ | ਸੂਬੇ ਦੇ ਛੇ ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਬਦਲ ਜਾਣਾ ਉਹ ਵੀ ਰਾਜਭਾਗ ਹੁੰਦਿਆਂ ਇਹ ਪੰਜਾਬ ਦੀ ਰਾਜਨੀਤੀ 'ਤੇ ਬਹੁਤ ਵੱਡਾ ਧੱਬਾ ਹੈ ਕਿਉਂਕਿ ਇਕ ਆਗੂ ਵਲੋਂ ਚੰਗਾ ਤੇ ਸਾਰਥਿਕ ਰੋਲ ਨਾ ਨਿਭਾਉਣਾ ਅਤੇ ਆਗੂਆਂ ਵਲੋਂ ਵਰਕਰਾਂ ਵਲੋਂ ਨਿਰਾਸ਼ ਹੋ ਕੇ ਪਾਰਟੀਆਂ ਬਦਲਣੀਆਂ ਇਹ ਸਾਡੀ ਅਮੀਰ ਲੋਕਤੰਤਰ ਪ੍ਰਥਾ ਨੂੰ ਢਾਹ ਲੱਗ ਰਹੀ ਹੈ | ਆਓ ਆਪਾਂ ਵਿਕਾਸ ਦੇ ਮਸੀਹਾ ਅਤੇ ਸਭ ਪ੍ਰਵਾਨਿਤ ਆਗੂ ਦੀ ਤੀਸਰੀ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਇਹ ਸੇਧ ਲਈਏ ਕਿ ਅਸੀਂ ਪੰਜਾਬ ਵਿਚ ਚੰਗੇ ਆਗੂਆਂ ਨੂੰ ਅੱਗੇ ਲੈ ਕੇ ਆਈਏ ਅਤੇ ਪੰਜਾਬ ਨੂੰ ਪਹਿਲੇ ਨੰਬਰ ਦਾ ਸੂਬਾ ਬਣਾ ਕੇ ਗੁਰੂਆਂ ਪੀਰਾਂ ਪੈਗ਼ੰਬਰਾਂ ਤੋਂ ਅਸ਼ੀਰਵਾਦ ਪ੍ਰਾਪਤ ਕਰੀਏ ਅਤੇ ਜਿਹੜੇ ਲੋਕ ਧਰਮ ਤੇ ਧਾਰਮਿਕ ਗ੍ਰੰਥਾਂ 'ਤੇ ਰਾਜਨੀਤੀਆਂ ਕਰਦੇ ਉਨ੍ਹਾਂ ਨੂੰ ਪਹਿਚਾਣੀਏ ਅਤੇ ਗੁਰੂ ਦੇ ਸੱਚੇ ਸਿੱਖ ਹੋਣ ਦਾ ਅਤੇ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਈਏ | ਜਿੱਥੇ ਅਸੀਂ ਮਹਾਨ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਦੇ ਉੱਥੇ ਇਹ ਵੀ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਇਖ਼ਲਾਕ ਦੇ ਆਧਾਰ 'ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਪਾਰਟੀ ਬਦਲ ਕੇ ਜਾਣ ਵਾਲੇ ਆਗੂਆਂ ਦਾ ਹਮੇਸ਼ਾ ਬਾਈਕਾਟ ਕਰਨਾ ਚਾਹੀਦਾ ਜੋ ਲੋਕ ਰਾਜਨੀਤੀ ਨੂੰ ਧੰਦਾ ਸਮਝ ਕੇ ਕਰਦੇ ਹਨ | ਉਨ੍ਹਾਂ ਹ ਨੂੰ ਹਮੇਸ਼ਾ ਲਈ ਰਾਜਨੀਤੀ ਤੋਂ ਬਾਹਰ ਕਰਨਾ ਚਾਹੀਦਾ ਤਾਂ ਜੋ ਸਾਡਾ ਮਹਾਨ ਲੋਕਤੰਤਰ ਜੋ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਇਆ ਉਹ ਜਿੰਦਾ ਰਹੇ ਅਤੇ ਨੌਜਵਾਨ ਪੀੜ੍ਹੀ ਹਮੇਸ਼ਾ ਲੋਕਤੰਤਰ ਨਾਲ ਜੁੜ ਕੇ ਸਮਾਜ ਦੀ ਸੇਵਾ ਕਰ ਲਈ ਅੱਗੇ ਆਵੇ |