ਕੋਟ ਈਸੇ ਖਾਂ, 21 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 1 ਤੋਂ ਗੁਰਵੀਰ ਕੌਰ ਪਤਨੀ ਭਾਊ ਲਖਵੀਰ ਸਿੰਘ ਲੱਖਾ, ਵਾਰਡ ਨੰਬਰ 2 ਤੋਂ ਕੁਲਦੀਪ ਸਿੰਘ ਰਾਜਪੂਤ ਅਤੇ ਵਾਰਡ ਨੰਬਰ 3 ਤੋਂ ਪਰਮਜੀਤ ਕੌਰ ਪਤਨੀ ਲਛਮਣ ਦਾਸ ਚੁੰਬਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦਿਆਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਲੋਂ ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੀ ਟੀਮ ਨਾਲ ਲੈ ਕੇ ਡੋਰ ਟੂ ਡੋਰ ਚੋਣ ਪ੍ਰਚਾਰ ਕਰਕੇ ਲੋਕਾਂ ਨੂੰ ਆਉਣ ਵਾਲੀ 26 ਮਈ ਨੂੰ ਚੋਣ ਨਿਸ਼ਾਨ ਪੰਜੇ 'ਤੇ ਮੋਹਰ ਲਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਸੋਹਣ ਸਿੰਘ ਖੇਲਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਦਵਿੰਦਰ ਸਿੰਘ ਬਿੰਦਰ ਸਾਬਕਾ ਸਰਪੰਚ, ਅਰਸ਼ਜੋਤ ਸਿੰਘ ਸੇਖੋਂ ਪ੍ਰਧਾਨ ਸਹਿਕਾਰੀ ਸਭਾ ਗਗੜਾ, ਗੁਰਭੇਜ ਸਿੰਘ ਕਾਦਰਵਾਲਾ ਪ੍ਰਧਾਨ ਸਰਕਾਰੀ ਸਭਾ, ਸ਼ਿਵਾਜ ਸਿੰਘ ਭੋਲਾ ਮਸਤੇਵਾਲਾ ਬਲਾਕ ਪ੍ਰਧਾਨ, ਗੁਰਮੁਖ ਸਿੰਘ ਘਲੋਟੀ, ਰਾਜ ਕਾਦਰ ਵਾਲਾ ਸਾਬਕਾ ਸੰਮਤੀ ਮੈਂਬਰ ਆਦਿ ਆਗੂ ਵੀ ਮੌਜੂਦ ਰਹੇ | ਇਸ ਮੌਕੇ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਸਾਬਕਾ ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਆਮ ਲੋਕਾਂ ਵਿਚ ਵਧੀਆ ਵਿਚਰਨ ਵਾਲੇ ਤੇ ਚੰਗੇ ਚਿਹਰੇ ਕਾਂਗਰਸ ਪਾਰਟੀ ਵਲੋਂ ਇਨ੍ਹਾਂ ਵਾਰਡਾਂ 'ਚ ਉਤਾਰੇ ਗਏ ਹਨ ਤੇ ਕਾਂਗਰਸ ਪਾਰਟੀ ਇਕ ਨਿਰਪੱਖਤਾ ਨਾਲ ਕੰਮ ਕਰਨ ਵਾਲੀ ਪਾਰਟੀ ਹੈ | ਉਨ੍ਹਾਂ ਕਿਹਾ ਕਿ ਵਾਰਡ ਵਾਸੀ ਇਨ੍ਹਾਂ ਉਮੀਦਵਾਰਾਂ ਦਾ ਡਟ ਕੇ ਸਾਥ ਦੇਣ ਤਾਂ ਜੋ ਸ਼ਹਿਰ ਦੀ ਸਰਕਾਰ ਕਹੀ ਜਾਣ ਵਾਲੀ ਨਗਰ ਪੰਚਾਇਤ ਵਿਚ ਚੰਗੇ ਤੇ ਸਾਫ਼ ਸੁਥਰੇ ਅਕਸ ਵਾਲੇ ਆਗੂ ਪੁੱਜਣ ਤੇ ਸ਼ਹਿਰ ਦਾ ਸਹੀ ਢੰਗ ਨਾਲ ਵਿਕਾਸ ਹੋਵੇ | ਇਸ ਮੌਕੇ ਵਾਰਡ ਵਾਸੀਆਂ ਵਲੋਂ ਵੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਪੂਰੇ ਸਮਰਥਨ ਦਾ ਭਰੋਸਾ ਜਤਾਇਆ ਗਿਆ |