ਅਜੀਤਵਾਲ ਕਾਲਜ ਵਿਖੇ ਇੰਜੀਨੀਅਰ ਦਿਵਸ ਮਨਾਇਆ
ਅਜੀਤਵਾਲ, 14 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਇੰਜੀਨੀਅਰ ਦਿਵਸ ਮਨਾਉਂਦਿਆਂ ਮਹਾਨ ਇੰਜੀਨੀਅਰ ਡਾ. ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਨੂੰ ਯਾਦ ਕੀਤਾ ਗਿਆ।
ਅਜੀਤਵਾਲ, 14 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਇੰਜੀਨੀਅਰ ਦਿਵਸ ਮਨਾਉਂਦਿਆਂ ਮਹਾਨ ਇੰਜੀਨੀਅਰ ਡਾ. ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਨੂੰ ਯਾਦ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਇੰਜੀਨੀਅਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਅਤੇ ਦੇਸ਼ ਦੀ ਖ਼ੁਸ਼ਹਾਲੀ ਗਿਆਨਵਾਨ, ਉਸਾਰੂ ਵਿਚਾਰਾਂ ਵਾਲੇ ਮਿਹਨਤੀ ਇੰਜੀਨੀਅਰਾਂ ਦੀ ਦੇਣ ਹੁੰਦੀ ਹੈ। ਜਿਨ੍ਹਾਂ ਨੇ ਸਾਨੂੰ ਪੈਦਲ ਤੋਂ ਗੱਡਿਆਂ, ਗੱਡੀਆਂ ਅਤੇ ਹਵਾਈ ਜਹਾਜ਼ਾਂ ਵਰਗੀਆਂ ਖੋਜਾਂ ਕਰਕੇ ਅਸਮਾਨ ਤੇ ਉੱਡਣ ਦੇ ਯੋਗ ਬਣਾਇਆ ਹੈ। ਇੰਜੀਨੀਅਰ ਪਰਮਬੀਰ ਸਿੰਘ ਨੇ ਕਿਹਾ ਕਿ ਸੰਸਾਰ ਭਰ ਵਿਚ ਵੱਖ-ਵੱਖ ਇੰਜੀਨੀਅਰਿੰਗ ਖੇਤਰਾਂ ਵਿਸ਼ੇਸ਼ ਕਰਕੇ ਮਕੈਨੀਕਲ, ਸਿਵਲ, ਇਲੈਕਟ੍ਰੀਕਲ, ਮੈਡੀਕਲ ਅਤੇ ਕੈਮੀਕਲ ਇੰਜੀਨੀਅਰਿੰਗ ਆਦਿ ਦੇ ਪ੍ਰਸਾਰ ਤੇ ਵਿਕਾਸ ਨਾਲ ਮਨੁੱਖੀ ਜੀਵਨ ਨੂੰ ਸੁਖਮਈ ਬਣਾਉਣ ਦੇ ਨਾਲ-ਨਾਲ ਇੰਜੀਨੀਅਰਾਂ ਨੇ ਉਦਯੋਗਿਕ ਤੇ ਖੇਤੀਬਾੜੀ ਖੇਤਰਾਂ ਵਿਚ ਇਨਕਲਾਬੀ ਸੁਧਾਰ ਲਿਆ ਕੇ ਸਮਾਜ ਦੇ ਹਰ ਖੇਤਰ ਦੀ ਅਗਾਂਹ-ਵਧੂ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੈਡਮ ਸ਼ਰਨਪ੍ਰੀਤ ਕੌਰ ਨੇ ਦੱਸਿਆ ਕਿ ਇੰਜੀਨੀਅਰਾਂ ਦੀ ਸੋਚ ਅਤੇ ਅਣਥੱਕ ਮਿਹਨਤ ਹੀ ਸਮਾਜ ਦੀ ਖ਼ੁਸ਼ਹਾਲੀ ਦਾ ਮੁੱਖ ਅਧਾਰ ਹੈ ਜਿਸ ਤੋਂ ਬਿਨਾਂ ਅਜੋਕੀ ਮਨੁੱਖੀ ਜ਼ਿੰਦਗੀ ਸੁਖਮਈ ਨਹੀਂ ਹੋ ਸਕਦੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਦੀ ਆਰਥਿਕ ਤਰੱਕੀ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਇਸ ਵਿਸ਼ੇ ਤੇ ਹੋਏ ਭਾਸ਼ਣ ਮੁਕਾਬਲੇ ਵਿਚ ਉੱਤਮ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ।