ਅਜੀਤਵਾਲ, 22 ਮਈ (ਹਰਦੇਵ ਸਿੰਘ ਮਾਨ)-ਖੇਤਾਂ ਦੀ ਬਿਜਲੀ ਸਪਲਾਈ ਤੋਂ ਦੁਖੀ ਇਲਾਕੇ ਦੇ ਪਿੰਡਾਂ ਚੂਹੜਚੱਕ, ਢੁੱਡੀਕੇ, ਅਜੀਤਵਾਲ, ਕਿਲੀ ਚਾਹਲਾਂ, ਕੋਕਰੀ ਕਲਾਂ, ਮਟਵਾਣੀ, ਨੱਥੂਵਾਲਾ ਆਦਿ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿਚ ਐਸ.ਡੀ.ਓ. ਸਬਸਟੇਸ਼ਨ ਅਜੀਤਵਾਲ ਨੂੰ ਮੰਗ ਪੱਤਰ ਦਿੱਤਾ | ਇਕੱਤਰ ਕਿਸਾਨਾਂ ਨੇ ਬਿਜਲੀ ਪ੍ਰਬੰਧਨ ਦੀ ਮਾੜੀ ਕਾਰਗੁਜ਼ਾਰੀ ਵਿਚ ਜਲਦ ਸੁਧਾਰ ਅਤੇ ਹਰ ਰੋਜ 8 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਜੋ ਸਪਲਾਈ ਸ਼ਡਿਊਲ ਚੱਲ ਰਿਹਾ ਹੈ, ਉਸ ਵਿਚ ਬਿਜਲੀ ਇਕ ਦਿਨ ਛੱਡ ਕੇ ਆ ਰਹੀ ਹੈ, ਉਹ ਵੀ ਲਗਾਤਾਰ ਨਾ ਆ ਕੇ ਪਾਵਰ ਕੱਟ ਲੱਗ ਜਾਂਦਾ ਹੈ, ਜਿਸ ਨਾਲ ਜ਼ਮੀਨ ਦਾ ਕੋਈ ਵੀ ਹਿੱਸਾ ਪਾਣੀ ਨਾਲ ਪੂਰਾ ਨਹੀਂ ਭਰਦਾ ਤੇ ਦੁਬਾਰਾ ਤੋਂ ਫਿਰ ਪਾਣੀ ਛੱਡਣ ਨਾਲ ਪਾਣੀ ਦੀ ਬਰਬਾਦੀ ਹੋ ਰਹੀ ਹੈ ਤੇ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ | ਕਿਸਾਨਾਂ ਨੇ ਬਿਜਲੀ ਸਪਲਾਈ ਨਿਰਵਿਘਨ ਦੇ ਨਾਲ-ਨਾਲ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਟਰਾਂਸਫ਼ਾਰਮਰਾਂ ਦੇ ਜਿੰਪਰ, ਸਵਿੱਚਾਂ ਆਦਿ ਦੀ ਪੂਰਨ ਰਿਪੇਅਰ ਕੀਤੀ ਜਾਵੇ ਤਾਂ ਜੋ ਸੀਜ਼ਨ ਵਿਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਮਜਬੂਰੀ ਵੱਸ ਕਿਸਾਨ ਤਿੱਖਾ ਸੰਘਰਸ਼ ਕਰਨਗੇ ਜਿਸ ਦੀ ਜ਼ਿੰਮੇਵਾਰੀ ਬਿਜਲੀ ਬੋਰਡ ਅਧਿਕਾਰੀਆਂ ਦੀ ਹੋਵੇਗੀ | ਇਸ ਮੌਕੇ ਪ੍ਰਧਾਨ ਸੰਦੀਪ ਸਿੰਘ ਚੂਹੜਚੱਕ, ਪ੍ਰਧਾਨ ਸੁਖਦੀਪ ਸਿੰਘ ਦਿਉਲ, ਚਰਨਜੀਤ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ, ਗੁਰਜੀਤ ਸਿੰਘ ਮਾਨ, ਸਾਧੂ ਸਿੰਘ, ਗੁਰਸੇਵਕ ਸਿੰਘ, ਰਵਿੰਦਰ ਸਿੰਘ, ਭੁਪਿੰਦਰ ਸਿੰਘ, ਮਨਜਿੰਦਰ ਸਿੰਘ, ਜਗਮੀਤ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ, ਜਗਦੀਪ ਸਿੰਘ ਸਮੇਤ ਵੱਡੀ ਗਿਣਤੀ ਇਲਾਕੇ ਦੇ ਪਿੰਡਾਂ ਦੇ ਕਿਸਾਨ ਮੌਜੂਦ ਸਨ |