06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਧੋਖੇ ਨਾਲ ਕਿਸਾਨ ਦੀ 5 ਕਿੱਲੇ 4 ਕਨਾਲ ਜ਼ਮੀਨ ਦਾ ਕਰਵਾਇਆ ਗਿਆ ਬਿਆਨਾ, ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕੀਤਾ ਵੱਡਾ ਖ਼ੁਲਾਸਾ

Ad Position 21
No active advertisement
ਅਜੀਤ ਡੈਸਕ 20-06-2026


ਧਰਮਕੋਟ, 19 ਜੂਨ (ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੰਮ ਕਰ ਰਹੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ ਅਤੇ ਮੁੱਖ ਪ੍ਰਚਾਰ ਸਕੱਤਰ ਸੁਰਜੀਤ ਸਿੰਘ ਰੰਧਾਵਾ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਥਿਤ ਠੱਗੀ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਕਪੂਰਥਲਾ ਅਤੇ ਨਿਰਮਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਚੱਕ ਫ਼ਤਿਹਪੁਰ ਕੇਰਾ ਨੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਕੋਲ ਪਹੁੰਚ ਕਰਕੇ ਆਪਣੇ ਨਾਲ ਹੋਈ ਕਥਿਤ ਠੱਗੀ ਦੀ ਜਾਣਕਾਰੀ ਦਿੱਤੀ ਸੀ। ਸ਼ਿਕਾਇਤ ਮਿਲਦਿਆਂ ਹੀ ਸੂਬਾ ਪ੍ਰਧਾਨ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਗਈ ਅਤੇ ਸਬੰਧਿਤ ਆੜ੍ਹਤੀਆ ਗੁਰਮੇਲ ਸਿੰਘ ਵਾਸੀ ਚੱਕ ਕੰਨੀਆਂ ਖ਼ੁਰਦ ਨੂੰ ਗੱਲਬਾਤ ਲਈ ਬੁਲਾਇਆ ਗਿਆ, ਪਰ ਮਾਮਲਾ ਹੱਲ ਨਾ ਹੋਣ ‘ਤੇ ਜਾਂਚ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ ਅਤੇ ਸੁਰਜੀਤ ਸਿੰਘ ਰੰਧਾਵਾ ਨੂੰ ਸੌਂਪੀ ਗਈ। ਇਕ ਹਫ਼ਤੇ ਦੀ ਪੜਤਾਲ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਕਿ ਕਿਸਾਨ ਸਰਬਜੀਤ ਸਿੰਘ ਨੇ ਆਪਣੀ ਧੀ ਨੂੰ ਵਿਦੇਸ਼ ਭੇਜਣ ਲਈ 17 ਲੱਖ ਰੁਪਏ ਕਰਜ਼ੇ ਵਜੋਂ ਲਏ ਸਨ ਅਤੇ ਇਸ ਦੇ ਬਦਲੇ ਜ਼ਮੀਨ ਗਹਿਣੇ ਰੱਖੀ ਗਈ ਸੀ। ਪਰ ਉਸ ਦਾ ਦੋਸ਼ ਹੈ ਕਿ ਆੜ੍ਹਤੀਏ ਨੇ ਧੋਖੇ ਨਾਲ ਉਸ ਦੀ 5 ਕਿੱਲੇ 4 ਕਨਾਲ ਜ਼ਮੀਨ ਦਾ ਬਿਆਨਾ ਕਰਵਾ ਲਿਆ। ਉਸ ਨੇ ਦੱਸਿਆ ਕਿ ਜ਼ਮੀਨ ਦੀ ਕੀਮਤ 10 ਲੱਖ ਰੁਪਏ ਪ੍ਰਤੀ ਏਕੜ ਤੈਅ ਕੀਤੀ ਗਈ ਸੀ, ਜਿਸ ਦਾ ਉਸ ਵਲੋਂ ਵਿਰੋਧ ਵੀ ਕੀਤਾ ਗਿਆ। ਸਰਬਜੀਤ ਸਿੰਘ ਨੇ ਦੋਸ਼ ਲਾਇਆ ਕਿ ਮਾਮਲੇ ਦੌਰਾਨ ਨਿਰਮਲ ਸਿੰਘ ਗਵਾਹ ਬਣਿਆ ਅਤੇ ਉਸ ਵੱਲੋਂ ਦਿੱਤੇ ਦੋ ਖਾਲੀ ਚੈੱਕਾਂ ‘ਤੇ ਕਥਿਤ ਤੌਰ ‘ਤੇ 90 ਲੱਖ ਰੁਪਏ ਦੀ ਰਕਮ ਭਰ ਕੇ ਅਦਾਲਤ ਵਿਚ ਪੇਸ਼ ਕਰ ਦਿੱਤੀ ਗਈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਗੁਰਮੇਲ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਲੋਕਾਂ ਨਾਲ ਹੇਰਾਫੇਰੀ ਅਤੇ ਠੱਗੀ ਕਰਨ ਦੇ ਮਾਮਲੇ ਅਦਾਲਤਾਂ ਵਿਚ ਚੱਲ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਪ੍ਰਭਾਵਿਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਥੇਬੰਦੀ ਹਰ ਪੜਾਅ ‘ਤੇ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਮਜਬੂਰੀ ਵੱਸ ਕਿਸਾਨ ਆੜ੍ਹਤੀਆਂ ਤੋਂ ਕਰਜ਼ਾ ਲੈਂਦੇ ਹਨ, ਪਰ ਜੇਕਰ ਕਿਸੇ ਕਿਸਾਨ ਦੀ ਜ਼ਮੀਨ ਹੀ ਧੋਖੇ ਨਾਲ ਆਪਣੇ ਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ। ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਮਾਨਯੋਗ ਐਸ.ਐਸ.ਪੀ. ਖ਼ੁਦ ਇਸ ਕੇਸ ਦੀ ਨਿਗਰਾਨੀ ਕਰਨ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਇਸ ਮੌਕੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ, ਸੁਖਵਿੰਦਰ ਸਿੰਘ ਕਾਲਾ, ਲਖਵੀਰ ਸਿੰਘ ਅਟਾਰੀ, ਇਕਾਈ ਪ੍ਰਧਾਨ ਬੂਟਾ ਸਿੰਘ ਕੰਨੀਆਂ ਕਲਾਂ, ਨਿਰੰਜਨ ਸਿੰਘ, ਸਰਦੂਲ ਸਿੰਘ ਮਸੀਤਾਂ, ਹਰਬੰਸ ਸਿੰਘ ਸ਼ੇਰਪੁਰ, ਜਸਵੰਤ ਸਿੰਘ ਮਸੀਤਾਂ ਸਮੇਤ ਹੋਰ ਕਿਸਾਨ ਆਗੂ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

 

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਬ ਡਵੀਜ਼ਨ ਧਰਮਕੋਟ ਪੁਲਿਸ ਨੇ 11 ਮੁਕੱਦਮੇ ਕੀਤੇ ਦਰਜ਼, 14 ਗ੍ਰਿਫ਼ਤਾਰ-ਜ਼ਿਲ੍ਹਾ ਪ... ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਘਰਾਂ ‘ਚ ਸ਼ਰਧਾ ਨਾਲ ਮਨਾਇਆ
Ad Position 24
No active advertisement