ਮੋਗਾ, 25 ਜੂਨ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਪੁਲਿਸ ਵਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈਆਂ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਸਾਊਥ ਪੁਲਿਸ ਵਲੋਂ 2 ਵੱਖ-ਵੱਖ ਮਾਮਲਿਆਂ ਵਿਚ ਕਾਰਵਾਈ ਕਰਦਿਆਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜੋ ਲੁੱਟ ਖੋਹ ਤੇ ਡਕੈਤੀ ਵਰਗੀ ਸੰਗੀਨ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਅਤੇ ਉਨ੍ਹਾਂ ਕੋਲੋਂ ਦੋ ਕਿਰਪਾਨਾਂ, ਇਕ ਲੋਹਾ ਖੰਡਾ, ਇਕ ਡਾਂਗ ਵੀ ਬਰਾਮਦ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਅੰਡਰ ਸੈਕਸ਼ਨ 111(3) 111(4) 310 (4) 110 (5) 399 ਅਤੇ 402 ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਵਲੋਂ 2 ਅਜਿਹੇ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਜਿਹੜੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਸਨ ਅਤੇ ਉਨ੍ਹਾਂ ਖ਼ਿਲਾਫ਼ ਅੰਡਰ ਸੈਕਸ਼ਨ 318, 319 ਬੀ.ਐਨ.ਐਸ. ਅਤੇ 420 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।