05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਿਰਤੀਆਂ ਦੇ ਮਹਾਨ ਆਗੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ 23ਵੀਂ ਬਰਸੀ ਜੋਸ਼ੋ-ਖਰੋਸ਼ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 30-06-2026
ਮੋਗਾ, 29 ਜੂਨ (ਸੁਰਿੰਦਰਪਾਲ ਸਿੰਘ)-ਅੱਜ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿਖੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਅਤੇ ਪੰਜਾਬ ਪੈਨਸ਼ਨਰ ਯੂਨੀਅਨ ਵਲੋਂ ਕਿਰਤੀਆਂ ਦੇ ਮਹਾਨ ਆਗੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ 23ਵੀਂ ਬਰਸੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ ਜਿਸ ਵਿਚ ਪੰਜਾਬ ਰੋਡਵੇਜ਼ ਦੇ 18 ਡੀਪੂਆਂ ਤੋਂ ਰੋਡਵੇਜ਼ ਕਾਮੇ, ਪੈਨਸ਼ਨਰ ਸਾਥੀ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀ ਦੇ ਵਰਕਰਾਂ ਅਤੇ ਆਗੂਆਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਆਈ ਹੋਈ ਆਗੂ ਟੀਮ ਵਲੋਂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਫ਼ੋਟੋ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਸੰਧੂ ਕਿਰਤ ਦੀ ਧਿਰ ਦਾ ਚੇਤਨ, ਨਿਡਰ, ਦੂਰ-ਅੰਦੇਸ਼ ਅਤੇ ਸਮਰੱਥ ਆਗੂ ਸੀ ਜਿਸ ਦੇ ਬੇਵਕਤੀ ਵਿਛੋੜੇ ਨਾਲ ਰੋਡਵੇਜ਼ ਕਾਮਿਆਂ, ਟਰੇਡ ਯੂਨੀਅਨ ਲਹਿਰ ਅਤੇ ਸਮੁੱਚੀ ਕਿਰਤ ਦੀ ਜਮਾਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਅੱਜ ਦੇ ਸਮੇਂ ਵਿਚ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਚਲਾਏ ਜਾ ਰਹੇ ਮਿਸ਼ਨ ਨੂੰ ਸਿਧਾਂਤ ਦੀ ਰੌਸ਼ਨੀ ਵਿਚ ਅੱਗੇ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਚਿੰਤਾ ਵਾਲੀ ਗੱਲ ਹੈ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਵਾਉਣ ਵਿਚ ਦੇਸ਼ ਦੀ ਨਿਆਂ ਪ੍ਰਣਾਲੀ ਵੀ ਹਿੱਸਾ ਪਾ ਰਹੀ ਹੈ। ਹੁਣ ਵੇਲਾ ਹੈ ਕਿ ਕਾਮਰੇਡ ਸੰਧੂ ਦੀ ਸੋਚ ‘ਤੇ ਚੱਲਣ ਵਾਲੀ ਧਿਰ ਨੂੰ ਤਕੜਾ ਕਰ ਕੇ ਲੋਕ ਵਿਰੋਧੀ ਸਰਮਾਏ ਦੀ ਧਿਰ ਨੂੰ ਪਛਾੜਿਆ ਜਾਵੇ ਤਾਂ ਜੋ ਕਿ ਸਾਡੇ ਗੁਰੂਆਂ ਸ਼ਹੀਦਾਂ ਦੇ ਸੁਪਨਿਆਂ ਵਾਲਾ ਸਮਾਜਵਾਦੀ ਪ੍ਰਬੰਧ ਸਿਰਜਿਆ ਜਾ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੁਲਾਜ਼ਮ ਆਗੂ ਚਰਨ ਸਿੰਘ ਸਰਾਭਾ ਅਤੇ ਪੰਜਾਬ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਅੱਜ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਪਬਲਿਕ ਸੈਕਟਰ ਦਾ ਭੋਗ ਪਾ ਰਹੀਆਂ ਹਨ, ਇਸ ਮੌਕੇ ਸਮੂਹ ਮੁਲਾਜ਼ਮਾਂ ਮਜ਼ਦੂਰਾਂ ਨੂੰ ਇਕੱਠਾ ਕਰ ਕੇ ਪਬਲਿਕ ਸੈਕਟਰ ਨੂੰ ਬਚਾਉਣ ਦੀ ਲੋੜ ਹੈ। ਇਸ ਇਸ ਲਈ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਸੋਚ ਤੋਂ ਅਗਵਾਈ ਲੈਣਾ ਸਮੇਂ ਦੀ ਲੋੜ ਹੈ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਪਹਿਲਾਂ ਵੋਟਰ ਸਰਕਾਰਾਂ ਚੁਣਦੇ ਸਨ ਪਰ ਹੁਣ ਅਸੀਂ ਸਮੇਂ ਅਸੀਂ ਅਜਿਹੇ ਦੌਰ ਵਿਚ ਚਲੇ ਗਏ ਹਾਂ ਜਦੋਂ ਸਰਕਾਰਾਂ ਵੋਟਰ ਚੁਣਦੀਆਂ ਹਨ ਤਾਂ ਜੋ ਕਿ ਹਰ ਕਿਸਮ ਦਾ ਧੱਕਾ ਵਰਤ ਕੇ ਦੇਸ਼ ਦੀ ਰਾਜਨੀਤੀ ‘ਤੇ ਕਬਜ਼ਾ ਕੀਤਾ ਜਾ ਸਕੇ ਅਤੇ ਆਪਣੇ ਪਿੱਛੇ ਕੰਮ ਕਰਦੇ ਸਰਮਾਏ ਦੇ ਹਿਤ ਦੀਆਂ ਨੀਤੀਆਂ ਬਣਾਈਆਂ ਜਾ ਸਕਣ। ਕਾਮਰੇਡ ਕੁਲਦੀਪ ਭੋਲਾ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿਚੋਂ 6 ਕਰੋੜ ਦੇ ਕਰੀਬ ਵੋਟਾਂ ਕੱਟ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਵਿਰੋਧੀ ਤਾਕਤਾਂ ਨੂੰ ਪਿੱਛੇ ਧੱਕ ਕੇ ਲੋਕ ਇਹ ਤਾਂ ਲਈ ਕੰਮ ਕਰਨ ਵਾਲੀ ਰਾਜਨੀਤੀ ਨੂੰ ਤਗੜਾ ਕੀਤਾ ਜਾਵੇ। ਇਸ ਮੌਕੇ ਇਪਟਾ ਮੋਗਾ ਵਲੋਂ ਅਵਤਾਰ ਚੜਿੱਕ ਅਤੇ ਸ਼ੰਕਰ ਨੇ ਭੰਡਾਂ ਦੀ ਪੇਸ਼ਕਾਰੀ ਨਾਲ ਸਰਕਾਰਾਂ ਦੀਆਂ ਨੀਤੀਆਂ ‘ਤੇ ਵਿਅੰਗਾਤਮਿਕ ਤੀਰ ਛੱਡੇ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਨੈਸ਼ਨਲ ਜਰਨਲ ਸਕੱਤਰ ਸੁਖਜਿੰਦਰ ਸਿੰਘ ਮਹੇਸ਼ਰੀ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਲਈ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਇਕੱਠੇ ਹੋਣਾ ਪਵੇਗਾ। ਸਟੇਜ ਦੀ ਕਾਰਵਾਈ ਸੁਰਿੰਦਰ ਸਿੰਘ ਬਰਾੜ ਨੇ ਬਾਖ਼ੂਬੀ ਨਿਭਾਈ। ਅੰਤ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੰਡ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੂਟਾ ਸਿੰਘ ਭੱਟੀ, ਭੁਪਿੰਦਰ ਸਿੰਘ ਸੇਖੋਂ, ਗੁਰਮੇਲ ਸਿੰਘ ਨਾਹਰ, ਬਲਕਾਰ ਸਿੰਘ ਵਲਟੋਹਾ, ਗੁਰਜੰਟ ਸਿੰਘ ਕੋਕਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਚਿੱਤਰ ਸਿੰਘ ਧੋਥੜ, ਅਵਤਾਰ ਸਿੰਘ ਗਗੜਾ, ਗੁਰਮੇਲ ਸਿੰਘ ਮੈਡਲੇ, ਜਗਜੀਤ ਸਿੰਘ, ਸਵਰਨ ਸਿੰਘ ਖੋਸਾ, ਸਵਰਨ ਸਿੰਘ ਹਠੂਰ, ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਅੰਗਰੇਜ਼ ਸਿੰਘ ਮੁਕਤਸਰ, ਜਗਸੀਰ ਸਿੰਘ ਖੋਸਾ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਕਰਕੇ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਦਾ ਹੋ ਰਿਹਾ ਵੱਡਾ ਨੁਕਸਾਨ- ਬਹਿਰਾਮ ਕੇ, ਮਸੀਤਾਂ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਰੋਕਣ ਬਾਰੇ ਦਸਮੇਸ਼ ਸਕੂਲ ਵਿਚ ਸਮਾਗਮ
Ad Position 24
No active advertisement