ਕੋਟ ਈਸੇ ਖਾਂ, 29 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਵਿਚ ਬਿਜਲੀ ਸਰਪਲੱਸ ਦੇ ਦਾਅਵਿਆਂ ਦੇ ਉਲਟ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ਕਾਰਨ ਜਿੱਥੇ ਆਮ ਲੋਕ ਬੇਹਾਲ ਹਨ, ਉੱਥੇ ਹੀ ਝੋਨੇ ਦੇ ਸੀਜ਼ਨ ਵਿਚ ਖੇਤਾਂ ਵਿਚ ਬਿਜਲੀ ਸਹੀ ਢੰਗ ਨਾਲ ਨਾ ਆਉਣ ਕਰਕੇ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਰਕਲ ਪ੍ਰਧਾਨ ਜਸਵੀਰ ਸਿੰਘ ਸੀਰਾ ਖੋਸਾ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਬਿਜਲੀ ਲੋਕਾਂ ਦੀ ਸਭ ਤੋਂ ਲੋੜੀਂਦੀ ਤੇ ਬੁਨਿਆਦੀ ਸਹੂਲਤ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀਆਂ ਅਸਲ ਲੋੜਾਂ ਦੇ ਹੱਲ ਦੀ ਬਜਾਏ ਆਪ ਸਰਕਾਰ ਦੇ ਲੀਡਰ ਕਦੀ ਵਿਰੋਧੀ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਗਲਤ ਬਿਆਨਬਾਜ਼ੀ ਜਾਂ ਧਾਰਮਿਕ ਮੁੱਦਿਆਂ ‘ਤੇ ਗਲਤ ਰੰਗਤਾਂ ਦੇ ਕੇ ਲੋਕਾਂ ਦਾ ਧਿਆਨ ਭਟਕਾਉਣ ਅਤੇ ਬੇਲੋੜੀ ਬਹਿਸਬਾਜੀ ਕਰਵਾਉਣ ਵਿਚ ਜ਼ਿਆਦਾ ਜ਼ੋਰ ਦਿੰਦੇ ਹਨ, ਜਿਸ ਤੋਂ ਲੋਕ ਵੀ ਹੁਣ ਇਹ ਸਮਝਦੇ ਹਨ ਕਿ ਸਰਕਾਰ ਵਿਚ ਸੰਜੀਦਗੀ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਫੋਕੀਆਂ ਬਿਆਨਬਾਜ਼ੀਆਂ ਦੀ ਬਜਾਏ ਆਪ ਸਰਕਾਰ ਸੰਜੀਦਗੀ ਨਾਲ ਜਲਦ ਤੋਂ ਜਲਦ ਲੋਕਾਂ ਨੂੰ ਬਿਜਲੀ ਦੇ ਲੱਗ ਰਹੇ ਵੱਡੇ ਕੱਟਾਂ ਤੋਂ ਨਿਜਾਤ ਦਿਵਾਏ ਤਾਂ ਜੋ ਆਮ ਲੋਕਾਂ ਤੋਂ ਇਲਾਵਾ ਕਿਸਾਨ ਵੀ ਆਪਣੀਆਂ ਝੋਨੇ ਦੀਆਂ ਫ਼ਸਲਾਂ ਦੀ ਸਹੀ ਪਾਲਣਾ ਕਰ ਸਕਣ।