ਮੋਗਾ, 30 ਜੂਨ (ਜਸਪਾਲ ਸਿੰਘ ਬੱਬੀ)-ਅੰਬੇਦਕਰ ਮਿਸ਼ਨ ਭਾਰਤ ਜਥੇਬੰਦੀ ਮੋਗਾ ਇਕਾਈ ਦੀ ਮੀਟਿੰਗ ਸੂਬੇਦਾਰ ਬਲਦੇਵ ਸਿੰਘ ਸੁਖਾਨੰਦ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਦਰਸ਼ਨ ਸਿੰਘ ਚੰਦੜ ਦੇ ਗ੍ਰਹਿ ਮੋਗਾ ਵਿਖੇ ਹੋਈ| ਜਿਸ ਵਿਚ ਵਿਸ਼ੇਸ਼ ਤੌਰ ’ਤੇ ਸੇਵਾ ਮੁਕਤ ਜੱਜ ਜ਼ੋਰਾ ਸਿੰਘ ਸ਼ਾਮਿਲ ਹੋਏ| ਇਸ ਮੌਕੇ ਬਲਦੇਵ ਸਿੰਘ ਸੁਖਾਨੰਦ ਨੇ ਦੱਸਿਆ ਕਿ ਸਰਕਾਰ ਦੇ 25 ਜੁਲਾਈ ਰਾਹੀਂ 1013 ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰ ਦੇ ਇਸ਼ਤਿਹਾਰ ਦਿੱਤੇ ਗਏ ਜਿਸ ਵਿਚ ਰਾਖਵਾਂਕਰਨ ਨੀਤੀ ਨੂੰ ਨਾਕਾਰ ਦਿੱਤਾ ਗਿਆ| ਜਿਸ ਨਾਲ ਐਸ.ਸੀ./ਬੀ.ਸੀ. ਸਮਾਜ ਅਤੇ ਭਰਤੀ ਸਬੰਧੀ ਰਾਖਵਾਂ ਕਰਨ ਨੁਕਤਿਆਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਨਾਲ ਐਸ.ਸੀ./ਬੀ.ਸੀ. ਸਮਾਜ ਦੇ ਨੌਜਵਾਨਾ ਵਿਚ ਰੋਸ ਫੈਲ ਗਿਆ ਹੈ| ਸਿੱਖਿਆ ਸਕੱਤਰ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਐਸ.ਸੀ./ਬੀ.ਸੀ. ਸਮਾਜ ਦੇ ਲੋਕਾਂ ਦਾ ਧਿਆਨ ਰੱਖ ਕੇ ਭਰਤੀ ਦੇ ਨਿਯਮਾਂ ਅਨੁਸਾਰ ਭਰਤੀ ਕਰੋ| ਸਰਕਾਰ ਦੀ ਰਾਖਵਾਂ ਕਰਨ ਨੀਤੀ ਅਧੀਨ ਕਿਸੇ ਵੀ ਭਰਤੀ ਨੂੰ ਉਦੋਂ ਤੱਕ ਪੂਰਾ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਰੋਸਟਰ ਪੁਆਇੰਟ ਅਨੁਸਾਰ ਯੋਗ ਉਮੀਦਵਾਰਾਂ ਨੂੰ ਨੁਕਤਾ ਵਾਰ ਨਹੀਂ ਵਿਚਾਰਿਆ ਜਾਂਦਾ| ਬੇਹੱਦ ਮਹਿੰਗਾਈ ਦੌਰਾਨ ਗਰੀਬ ਮਜ਼ਦੂਰਾਂ ਅਤੇ ਐਸ.ਸੀ./ਬੀ.ਸੀ. ਸਮਾਜ ਦੇ ਲੋਕਾਂ ਨੰੂ ਰੋਜ਼ਾਨਾ ਜੀਵਨ ਵਿਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣਾ ਹੋਰ ਵੀ ਔਖਾ ਹੋਇਆ ਪਿਆ ਹੈ| ਇਸ ਮੌਕੇ ਜਥੇਬੰਦੀ ਵਲੋਂ ਸੇਵਾ ਮੁਕਤ ਜੱਜ ਜ਼ੋਰਾ ਸਿੰਘ ਦਾ ਸਨਮਾਨ ਵੀ ਕੀਤਾ ਗਿਆ| ਮੀਟਿੰਗ ਵਿਚ ਗੁਰਪ੍ਰੀਤ ਸਿੰਘ ਬਠਿੰਡਾ, ਸੂਬੇਦਾਰ ਬਲਵੀਰ ਸਿੰਘ ਦੋਦਾ, ਲੈਕਚਰਾਰ ਸੁਖਚੈਨ ਸਿੰਘ ਹੀਰਾ, ਸੁਰਿੰਦਰ ਸਿੰਘ ਬੈਂਕ ਮੈਨੇਜਰ, ਮੁਖਤਿਆਰ ਸਿੰਘ ਉਪ-ਰਜਿਸਟਰਾਰ, ਦਰਸ਼ਨ ਸਿੰਘ ਚੰਦੜ, ਪ੍ਰਸ਼ੋਤਮ ਲਾਲ ਇੰਸਪੈਕਟਰ, ਮਾਇਆ ਦੇਵੀ, ਹਰੀ ਰਾਮ ਸਾਬਕਾ ਐਮ.ਸੀ. ਅਤੇ ਹਰਪ੍ਰੀਤ ਕੌਰ ਸ਼ਾਮਿਲ ਸਨ|