ਮੋਗਾ, 5 ਜੁਲਾਈ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਵਿਚ ਕਿਸਾਨਾਂ ਨੇ ਖਾਦ ਵਿਕ੍ਰੇਤਾਵਾਂ ‘ਤੇ ਦੋਸ਼ ਲਗਾਇਆ ਕਿ ਡੀ.ਏ.ਪੀ. ਅਤੇ ਯੂਰੀਆ ਖਾਦ ਖ਼ਰੀਦਣ ਸਮੇਂ ਉਨ੍ਹਾਂ ਨੂੰ ਨੈਨੋ ਖਾਦ ਵੀ ਜਬਰੀ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕਿ ਡੀ.ਏ.ਪੀ. ਖਾਦ ਦੀ ਇਕ ਬੋਰੀ ਨਾਲ ਲਗ-ਪਗ 450 ਰੁਪਏ ਦੀ ਨੈਨੋ ਖਾਦ ਅਤੇ ਯੂਰੀਆ ਖਾਦ ਦੀਆਂ ਦੋ ਬੋਰੀਆਂ ਨਾਲ ਕਰੀਬ 250 ਰੁਪਏ ਦੀ ਨੈਨੋ ਖਾਦ ਕਿਸਾਨਾਂ ਨੂੰ ਧੱਕੇ ਨਾਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀਬਾੜੀ ਦੇ ਵੱਧ ਰਹੇ ਖ਼ਰਚਿਆਂ ਅਤੇ ਫ਼ਸਲਾਂ ਦੇ ਘੱਟ ਭਾਅ ਕਾਰਨ ਆਰਥਿਕ ਦਬਾਅ ਹੇਠ ਹਨ। ਅਜਿਹੇ ਵਿਚ ਖਾਦ ਦੇ ਨਾਲ ਵਾਧੂ ਉਤਪਾਦ ਜਬਰੀ ਵੇਚਣਾ ਕਿਸਾਨਾਂ ਨਾਲ ਧੱਕੇਸ਼ਾਹੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਤੋਂ ਇਸ ਮਾਮਲੇ ਦੀ ਜਾਂਚ ਕਰ ਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਕੁਝ ਖਾਦ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਖਾਦ ਕੰਪਨੀਆਂ ਵਲੋਂ ਨੈਨੋ ਖਾਦ ਅਤੇ ਹੋਰ ਸਮਾਨ ਜਬਰੀ ਦਿੱਤਾ ਜਾਂਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਵਲੋਂ ਉਨ੍ਹਾਂ ‘ਤੇ ਨੈਨੋ ਖਾਦ ਦਾ ਸਟਾਕ ਰੱਖਣ ਅਤੇ ਵੇਚਣ ਲਈ ਦਬਾਅ ਬਣਾਇਆ ਜਾਂਦਾ ਹੈ, ਜਿਸ ਕਾਰਨ ਉਹ ਕਿਸਾਨਾਂ ਨੂੰ ਇਹ ਉਤਪਾਦ ਦੇਣ ਲਈ ਮਜਬੂਰ ਹੋ ਜਾਂਦੇ ਹਨ। ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਆਗੂ ਸੁੱਖ ਗਿੱਲ ਨੇ ਕਿਹਾ ਕਿ ਜਿਹੜੀਆਂ ਖਾਦ ਕੰਪਨੀਆਂ ਦੁਕਾਨਦਾਰਾਂ ਜਾਂ ਕੋਆਪ੍ਰੇਟਿਵ ਸੁਸਾਇਟੀਆਂ ਨੂੰ ਨੈਨੋ ਖਾਦ ਜਾਂ ਹੋਰ ਸਮਾਨ ਜਬਰੀ ਦਿੰਦੀਆਂ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਇਸੇ ਤਰ੍ਹਾਂ ਜਬਰੀ ਨੈਨੋ ਖਾਦ ਮੜ੍ਹੀ ਗਈ ਤਾਂ ਸਾਡੀਆਂ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ।
ਮੋਗਾ ਜ਼ਿਲ੍ਹੇ ਦੇ ਦੁਕਾਨਦਾਰਾਂ ’ਤੇ ਡੀ.ਏ.ਪੀ. ਅਤੇ ਯੂਰੀਆ ਨਾਲ ਨੈਨੋ ਖਾਦ ਜਬਰੀ ਵੇਚਣ ਦੇ ਦੋਸ਼, ਕਿਸਾਨਾਂ ਨੇ ਕੀਤਾ ਵਿਰੋਧ
ਅਜੀਤ ਡੈਸਕ
06-07-2026