ਮੋਗਾ, 15 ਜੁਲਾਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਅੱਜ ਦੇ ਸਮੇਂ ਵਿਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਵਧਦਾ ਕੋਲੈਸਟ੍ਰੋਲ, ਮੋਟਾਪਾ ਅਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ| ਅਜਿਹੇ ਹਾਲਾਤਾਂ ਵਿਚ ਵਿਗਿਆਨੀਆਂ ਨੇ ਲੋਕਾਂ ਨੂੰ ਇਕ ਅਜਿਹਾ ਕੁਦਰਤੀ ਅਤੇ ਸਸਤਾ ਅਨਾਜ ਅਪਣਾਉਣ ਦੀ ਅਪੀਲ ਕੀਤੀ ਹੈ, ਜੋ ਸਿਹਤ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਸਕਦਾ ਹੈ| ਇਹ ਅਨਾਜ ਹੈ ਹਲੈੱਸ ਜੌਂ (ਨੰਗਾ ਜੌਂ), ਜਿਸ ਨੂੰ ਸਿਹਤ ਦਾ ਖ਼ਜ਼ਾਨਾ ਮੰਨਿਆ ਜਾ ਰਿਹਾ ਹੈ| ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ ਕਰਨਾਲ ਦੇ ਪ੍ਰਿੰਸੀਪਲ ਵਿਗਿਆਨੀ ਅਤੇ ਜੌਂ ਵਿਭਾਗ ਦੇ ਮੁਖੀ ਡਾ. ਓਮਵੀਰ ਸਿੰਘ ਨੇ ਇਕ ਜਨ-ਸਿਹਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲੈੱਸ ਜੌਂ ਸਾਡੇ ਦੇਸ਼ ਵਿਚ ਉਪਲਬਧ ਸਭ ਤੋਂ ਵੱਧ ਪੌਸ਼ਟਿਕ ਅਤੇ ਰੋਗਾਂ ਤੋਂ ਬਚਾਅ ਕਰਨ ਵਾਲੇ ਅਨਾਜਾਂ ਵਿਚੋਂ ਇਕ ਹੈ| ਉਨ੍ਹਾਂ ਕਿਹਾ ਕਿ ਜੇਕਰ ਹਰ ਪਰਿਵਾਰ ਇਸ ਨੂੰ ਆਪਣੀ ਰੋਜ਼ਾਨਾ ਦੀ ਖ਼ੁਰਾਕ ਵਿਚ ਸ਼ਾਮਿਲ ਕਰ ਲਵੇ ਤਾਂ ਕਈ ਗੰਭੀਰ ਬਿਮਾਰੀਆਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ| ਉਨ੍ਹਾਂ ਦੱਸਿਆ ਕਿ ਹਲੈੱਸ ਜੌਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦਾ ਛਿਲਕਾ ਵਾਢੀ ਸਮੇਂ ਆਪਣੇ ਆਪ ਹੀ ਵੱਖ ਹੋ ਜਾਂਦਾ ਹੈ| ਇਸ ਕਾਰਨ ਇਸ ਦਾ ਦਾਣਾ ਆਪਣੇ ਰੇਸ਼ੇ, ਅੰਕੁਰ ਅਤੇ ਪੋਸ਼ਕ ਤੱਤਾਂ ਸਮੇਤ ਸੁਰੱਖਿਅਤ ਰਹਿੰਦਾ ਹੈ ਅਤੇ ਇਸ ਦੀ ਕੁਦਰਤੀ ਪੌਸ਼ਟਿਕਤਾ ਬਰਕਰਾਰ ਰਹਿੰਦੀ ਹੈ| ਇਸ ਨੂੰ ਦਲੀਆ, ਆਟਾ, ਰੋਟੀ, ਪਰੌਂਠੇ, ਪੂਰੀ, ਸੱਤੂ ਅਤੇ ਹੋਰ ਕਈ ਸਿਹਤਵਰਧਕ ਪਦਾਰਥਾਂ ਦੇ ਰੂਪ ਵਿਚ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ| ਡਾ. ਓਮਵੀਰ ਸਿੰਘ ਨੇ ਦੱਸਿਆ ਕਿ ਹਲੈੱਸ ਜੌਂ ਵਿਚ ਬੀਟਾ-ਗਲੂਕਨ ਨਾਂਅ ਦਾ ਘੁਲਣਸ਼ੀਲ ਰੇਸ਼ਾ ਭਰਪੂਰ ਮਾਤਰਾ ਵਿਚ ਹੁੰਦਾ ਹੈ| ਇਹ ਪਾਚਨ ਪ੍ਰਕਿਰਿਆ ਨੂੰ ਸੰਤੁਲਿਤ ਰੱਖਣ ਦੇ ਨਾਲ-ਨਾਲ ਸਰੀਰ ਵਿਚ ਵਧੇ ਹੋਏ ਕੋਲੈਸਟ੍ਰੋਲ ਅਤੇ ਸ਼ੂਗਰ ਨੂੰ ਕਾਬੂ ਕਰਨ ਵਿਚ ਮਦਦ ਕਰਦਾ ਹੈ| ਇਹ ਆਂਦਰਾਂ ਵਿਚ ਲਾਭਦਾਇਕ ਜੀਵਾਣੂਆਂ ਦੀ ਗਿਣਤੀ ਵਧਾਉਂਦਾ ਹੈ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ| ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ਦੀਆਂ ਖ਼ੁਰਾਕ ਸੁਰੱਖਿਆ ਸੰਸਥਾਵਾਂ ਵੀ ਮੰਨਦੀਆਂ ਹਨ ਕਿ ਜੌਂ ਵਿਚ ਮੌਜੂਦ ਬੀਟਾ-ਗਲੂਕਨ ਖ਼ੂਨ ਵਿਚ ਮਾੜੇ ਕੋਲੈਸਟ੍ਰੋਲ ਨੂੰ ਘਟਾਉਣ ਵਿਚ ਪ੍ਰਭਾਵਸ਼ਾਲੀ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘਟਦਾ ਹੈ| ਵਿਗਿਆਨੀਆਂ ਅਨੁਸਾਰ ਹਲੈੱਸ ਜੌਂ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ| ਇਸ ਕਾਰਨ ਇਹ ਖਾਣ ਤੋਂ ਬਾਅਦ ਖ਼ੂਨ ਵਿਚ ਸ਼ੂਗਰ ਨੂੰ ਅਚਾਨਕ ਨਹੀਂ ਵਧਾਉਂਦਾ, ਸਗੋਂ ਸਰੀਰ ਨੂੰ ਹੌਲੀ-ਹੌਲੀ ਊਰਜਾ ਪ੍ਰਦਾਨ ਕਰਦਾ ਹੈ| ਇਸ ਨਾਲ ਪੈਨਕ੍ਰੀਆਜ਼ ’ਤੇ ਵੀ ਘੱਟ ਦਬਾਅ ਪੈਂਦਾ ਹੈ ਅਤੇ ਇਨਸੁਲਿਨ ਦੀ ਲੋੜ ਵੀ ਘੱਟ ਰਹਿੰਦੀ ਹੈ| ਡਾ. ਓਮਵੀਰ ਸਿੰਘ ਨੇ ਦੱਸਿਆ ਕਿ ਹਲੈੱਸ ਜੌਂ ਨਾ ਸਿਰਫ਼ ਦਿਲ ਦੀ ਸੁਰੱਖਿਆ ਕਰਦਾ ਹੈ, ਸਗੋਂ ਆਂਦਰਾਂ ਦੀ ਸਿਹਤ ਨੂੰ ਸੁਧਾਰਦਾ ਹੈ, ਜਿਗਰ ਵਿਚ ਚਰਬੀ ਜਮ੍ਹਾ ਹੋਣ ਤੋਂ ਰੋਕਣ ਵਿਚ ਮਦਦ ਕਰਦਾ ਹੈ ਅਤੇ ਦਿਮਾਗ਼ੀ ਸਿਹਤ ਨੂੰ ਵੀ ਮਜ਼ਬੂਤ ਬਣਾਉਂਦਾ ਹੈ| ਡਾ. ਓਮਵੀਰ ਸਿੰਘ ਨੇ ਕਿਹਾ ਕਿ ਚੰਗੀ ਸਿਹਤ ਲਈ ਹਮੇਸ਼ਾ ਮਹਿੰਗੀਆਂ ਦਵਾਈਆਂ ਦੀ ਲੋੜ ਨਹੀਂ ਹੁੰਦੀ| ਜੇਕਰ ਹਰ ਪਰਿਵਾਰ ਸਵੇਰ ਦੇ ਨਾਸ਼ਤੇ ਵਿਚ ਜੌਂ ਦਾ ਦਲੀਆ ਜਾਂ ਰਾਤ ਦੇ ਖਾਣੇ ਵਿਚ ਜੌਂ ਦੀ ਰੋਟੀ ਸ਼ਾਮਿਲ ਕਰ ਲਵੇ ਤਾਂ ਇਹ ਸਿਹਤ ਵੱਲ ਇਕ ਵੱਡਾ ਅਤੇ ਸੌਖਾ ਕਦਮ ਹੋਵੇਗਾ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ, ਬਜ਼ੁਰਗਾਂ ਅਤੇ ਪਰਿਵਾਰ ਦੀ ਚੰਗੀ ਸਿਹਤ ਲਈ ਇਸ ਪ੍ਰਾਚੀਨ ਅਤੇ ਪੌਸ਼ਟਿਕ ਅਨਾਜ ਨੂੰ ਮੁੜ ਆਪਣੀ ਰੋਜ਼ਾਨਾ ਦੀ ਖ਼ੁਰਾਕ ਦਾ ਹਿੱਸਾ ਬਣਾਉਣ| ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ ਕਰਨਾਲ ਵਲੋਂ ਹਲੈੱਸ ਜੌਂ ਦੀਆਂ ਉੱਨਤ ਅਤੇ ਪੌਸ਼ਟਿਕ ਕਿਸਮਾਂ ਦੇ ਨਾਲ-ਨਾਲ ਦਲੀਆ, ਆਟਾ, ਰੋਟੀ, ਪਰੌਂਠਾ, ਪੂਰੀ, ਸੱਤੂ ਅਤੇ ਬਿਸਕੁਟ ਵਰਗੇ ਕਈ ਸਿਹਤਵਰਧਕ ਉਤਪਾਦ ਵੀ ਵਿਕਸਿਤ ਕੀਤੇ ਗਏ ਹਨ, ਤਾਂ ਜੋ ਲੋਕ ਆਸਾਨੀ ਨਾਲ ਇਸ ਅਨਾਜ ਨੂੰ ਆਪਣੀ ਰੋਜ਼ਾਨਾ ਦੀ ਖ਼ੁਰਾਕ ਵਿਚ ਸ਼ਾਮਿਲ ਕਰ ਸਕਣ| ਸੈਮੀਨਾਰ ਨੂੰ ਐਮ.ਡੀ. ਪ੍ਰਦੀਪ ਸੂਦ, ਬਾਬਾ ਬਰਫ਼ਾਨੀ ਸੇਵਾ ਮੰਡਲ ਦੇ ਪ੍ਰਧਾਨ ਚੰਦਰ ਸੇਖਰ ਸੂਦ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਡਾ. ਨਵੀਨ ਸੂਦ, ਡਾ. ਪੰਕਜ ਬਾਂਸਲ, ਜਤਿੰਦਰਪਾਲ ਸਿੰਘ ਚਾਵਲਾ ਉੱਘੇ ਉਦਯੋਗਪਤੀ, ਰਾਜੀਵ ਗੁਪਤਾ ਸਾਬਕਾ ਸੀਨੀਅਰ ਬੈਂਕ ਮੈਨੇਜਰ, ਕਸ਼ਿਸ਼ ਬਾਂਸ ਆੜ੍ਹਤੀ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ|