ਮੋਗਾ, 28 ਜੁਲਾਈ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਗਣਤੰਤਰ ਦਿਵਸ-2027 ਮੌਕੇ ਐਲਾਨੇ ਜਾਣ ਵਾਲੇ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਅਵਾਰਡਾਂ ਲਈ ਯੋਗ ਵਿਅਕਤੀਆਂ ਦੀਆਂ ਨਾਮਜ਼ਦਗੀਆਂ/ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸਰਕਾਰੀ ਵਿਭਾਗਾਂ, ਵਿੱਦਿਅਕ ਸੰਸਥਾਵਾਂ, ਸਮਾਜ ਸੇਵੀ ਸੰਗਠਨਾਂ, ਉਦਯੋਗਿਕ ਅਤੇ ਵਪਾਰਕ ਸੰਸਥਾਵਾਂ, ਸਥਾਨਕ ਸਰਕਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਵਿਚ ਸ਼ਾਨਦਾਰ ਅਤੇ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੀਆਂ ਨਾਮਜ਼ਦਗੀਆਂ ਭੇਜਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਦਮ ਅਵਾਰਡ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿਚ ਸ਼ਾਮਲ ਹਨ। ਇਹ ਸਨਮਾਨ ਵੱਖ-ਵੱਖ ਖੇਤਰਾਂ ਵਿਚ ਅਸਾਧਾਰਨ ਅਤੇ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ। ਪਦਮ ਅਵਾਰਡ ਤਿੰਨ ਸ਼੍ਰੇਣੀਆਂ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਅਧੀਨ ਦਿੱਤੇ ਜਾਂਦੇ ਹਨ। ਇਨ੍ਹਾਂ ਲਈ ਕਲਾ, ਸਾਹਿਤ ਅਤੇ ਸਿੱਖਿਆ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਚਿਕਿਤਸਾ, ਖੇਡਾਂ, ਲੋਕ ਪ੍ਰਸ਼ਾਸਨ, ਵਪਾਰ ਅਤੇ ਉਦਯੋਗ, ਖੇਤੀਬਾੜੀ, ਵਾਤਾਵਰਣ ਸੰਭਾਲ ਅਤੇ ਹੋਰ ਅਨੇਕਾਂ ਖੇਤਰਾਂ ਵਿਚ ਵਿਲੱਖਣ ਯੋਗਦਾਨ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਦਮ ਅਵਾਰਡਾਂ ਲਈ ਨਾਮਜ਼ਦਗੀਆਂ ਕੇਂਦਰ ਸਰਕਾਰ ਦੇ ਆਨਲਾਈਨ ਪੋਰਟਲ ਰਾਹੀਂ ਭੇਜੀਆਂ ਜਾਣਗੀਆਂ। ਨਾਮਜ਼ਦਗੀ ਕਰਦੇ ਸਮੇਂ ਉਮੀਦਵਾਰ ਦਾ ਸੰਖੇਪ ਜੀਵਨ ਵੇਰਵਾ, ਉਸ ਦੀਆਂ ਉਪਲਬਧੀਆਂ, ਵਿਸ਼ੇਸ਼ ਯੋਗਦਾਨ ਅਤੇ ਹੋਰ ਲੋੜੀਂਦੀ ਜਾਣਕਾਰੀ ਪੋਰਟਲ ‘ਤੇ ਦਰਜ ਕਰਨੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਣਤੰਤਰ ਦਿਵਸ-2027 ਲਈ ਪਦਮ ਅਵਾਰਡਾਂ ਦੀਆਂ ਨਾਮਜ਼ਦਗੀਆਂ ਭੇਜਣ ਦੀ ਆਖ਼ਰੀ ਮਿਤੀ 31 ਜੁਲਾਈ, 2026 ਨਿਰਧਾਰਿਤ ਕੀਤੀ ਗਈ ਹੈ। ਇਸ ਲਈ ਸਾਰੀਆਂ ਸੰਸਥਾਵਾਂ ਅਤੇ ਆਮ ਨਾਗਰਿਕ ਨਿਰਧਾਰਿਤ ਸਮਾਂ-ਸੀਮਾ ਅੰਦਰ ਯੋਗ ਵਿਅਕਤੀਆਂ ਦੀਆਂ ਨਾਮਜ਼ਦਗੀਆਂ ਭੇਜਣ ਨੂੰ ਯਕੀਨੀ ਬਣਾਉਣ।