ਖਨੌਰੀ, 1 ਜਨਵਰੀ (ਬਲਵਿੰਦਰ ਸਿੰਘ ਥਿੰਦ)- ਮਨਰੇਗਾ ਦੀ ਲੜਾਈ ਨਾਮ ਦੀ ਲੜਾਈ ਨਹੀਂ, ਸਗੋਂ ਗ਼ਰੀਬਾਂ ਦੇ ਹੱਕ 'ਤੇ ਮਾਰੇ ਜਾ ਰਹੇ ਡਾਕੇ ਦੀ ਲੜਾਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਨੇ ਨੇੜਲੇ ਪਿੰਡ ਬੌਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮਨਰੇਗਾ ਦੇ ਨਿਯਮਾਂ ਵਿਚ ਤਬਦੀਲੀ ਕਰਕੇ ਕਾਂਗਰਸ ਪਾਰਟੀ ਵਲੋਂ ਗ਼ਰੀਬਾਂ ਨੂੰ 100 ਦਿਨ ਦਾ ਗਰੰਟੀ ਪੱਕਾ ਰੁਜ਼ਗਾਰ ਦੇਣ ਦੇ ਨਿਯਮਾਂ 'ਤੇ ਡਾਕਾ ਮਾਰਿਆ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਲਾਗੂ ਕੀਤੀ ਇਸ ਸਕੀਮ ਵਿਚ 100 ਦਿਨ ਦਾ ਪੱਕਾ ਰੁਜ਼ਗਾਰ ਦਿੱਤਾ ਜਾਣਾ ਲਾਜ਼ਮੀ ਕੀਤਾ ਗਿਆ ਸੀ ਕਿ ਸੂਬਾ ਸਰਕਾਰ ਕੋਲ ਚਾਹੇ ਪੈਸੇ ਹੋਣ ਚਾਹੇ ਪੈਸੇ ਨਾ ਹੋਣ ਮਨਰੇਗਾ ਵਰਕਰਾਂ ਨੂੰ 100 ਦਿਨ ਪੱਕਾ ਕੰਮ ਮਿਲੇਗਾ ਅਤੇ ਉਸ ਦੇ ਪੈਸੇ ਕੇਂਦਰ ਸਰਕਾਰ ਵਲੋਂ ਦਿੱਤੇ ਜਾਣੇ ਸਨ | ਜਿਸ ਵਿਚ ਸੂਬਾ ਸਰਕਾਰ ਦਾ ਕੋਈ ਰੋਲ ਨਹੀਂ ਸੀ | ਉਨ੍ਹਾਂ ਕਿਹਾ ਕਿ ਬੀਜੇਪੀ ਨੇ ਬੜੀ ਚਲਾਕੀ ਨਾਲ ਇਹਨਾਂ ਦੋਨਾਂ ਨਿਯਮਾਂ ਨੂੰ ਬਦਲ ਦਿੱਤਾ ਹੈ | ਉਨ੍ਹਾਂ ਲੋਕਾਂ ਨੂੰ ਲੁਭਾਵਣਾ ਸੁਪਨਾ ਦਿਖਾਉਂਦਿਆਂ ਕਿ ਹੁਣ ਤੁਹਾਨੂੰ 100 ਦਿਨ ਦੀ ਬਜਾਏ 125 ਦਿਨ ਕੰਮ ਦਿੱਤਾ ਜਾਵੇਗਾ ਅਤੇ ਚਲਾਕੀ ਨਾਲ ਇਹ ਸੋਧ ਵੀ ਕਰ ਦਿੱਤੀ ਹੈ ਕੀ ਕੰਮ ਉਨੇ ਦਿਨ ਹੀ ਕਰਵਾਇਆ ਜਾਵੇਗਾ ਜਿੰਨੇ ਪੈਸੇ ਸੂਬਾ ਸਰਕਾਰ ਕੋਲ ਹੋਣਗੇ | ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ ਅਤੇ ਪੰਜਾਬ ਨੂੰ ਉਸ ਦਾ ਬਣਦਾ ਹੱਕ ਵੀ ਨਹੀਂ ਦਿੱਤਾ | ਸ੍ਰ. ਰਾਹੁਲ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਿਅੰਗ ਕਰਦਿਆਂ ਕਿਹਾ ਕਿ ਜਿਵੇਂ ਕਿ ਸੂਬੇ ਦੇ ਲੋਕਾਂ ਨੂੰ ਪਤਾ ਹੀ ਹੈ ਕਿ ਇਨ੍ਹਾਂ ਨੇ ਝੂਠ ਤੂਫ਼ਾਨ ਬੋਲ ਕੇ ਇੱਕ ਵਾਰ ਸਰਕਾਰ ਤਾਂ ਬਣਾ ਲਈ ਹੈ ਅਤੇ ਹੁਣ ਫ਼ੰਡਾਂ ਦੀ ਘਾਟ ਕਾਰਨ ਆਯੁਸ਼ਮਾਨ ਕਾਰਡ, ਪੈਨਸ਼ਨਾਂ ਅਤੇ ਹੋਰ ਸਕੀਮਾਂ ਬੰਦ ਪਈਆਂ ਹਨ ਅਤੇ ਜਦੋਂ ਇਨ੍ਹਾਂ ਨੇ ਆਪਣੇ ਹਿੱਸੇ ਦੇ ਬਣਦੇ 40 ਰੁਪਏ ਹੀ ਨਾ ਪਾਏ ਤਾਂ ਉਸ ਦਾ ਅਸਰ ਵੀ ਸਿੱਧਾ ਮਨਰੇਗਾ ਵਰਕਰ ਦੀ ਜੇਬ ਤੇ ਪਵੇਗਾ | ਉਨ੍ਹਾਂ ਕਿਹਾ ਕਿ ਬੀਜੇਪੀ ਨੇ ਬੜੀ ਚਲਾਕੀ ਨਾਲ ਕਿ ਲੋਕ ਰੌਲਾ ਨਾ ਪਾਉਣ ਅਤੇ ਆਵਾਜ਼ ਨਾ ਚੁੱਕਣ ਇਸ ਸਕੀਮ ਦਾ ਨਾਮ ਹੀ ਬਦਲ ਕੇ ਭਗਵਾਨ ਸ੍ਰੀ ਰਾਮ ਦੇ ਨਾਮ ਦੇ ਰੱਖ ਦਿੱਤਾ ਅਤੇ ਭਗਵਾਨ ਸ਼੍ਰੀ ਰਾਮ ਦਾ ਨਾਮ ਵਰਤ ਕੇ ਧਰਮ ਦੀ ਆੜ ਵਿਚ ਰਾਜਨੀਤੀ ਕਰ ਰਹੇ ਹਨ ਗ਼ਰੀਬਾਂ ਦਾ ਹੱਕ ਮਰ ਰਹੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਬਿੰਦੂ ਢੀਂਡਸਾ, ਪਵਨ ਗਿੱਲ ਬਨਾਰਸੀ, ਇਸ਼ਾਂਤ ਸਿੰਗਲਾ, ਸੁਨੀਲ ਸਿੰਗਲਾ, ਬਲਵਿੰਦਰ ਸਿੰਘ ਕਰੋਦਾ, ਸੁਰੇਸ਼ ਬਨਾਰਸੀ ਅਤੇ ਗੁਰਭੇਜ ਸਿੰਘ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ |