ਅਮਰਗੜ੍ਹ, 1 ਜਨਵਰੀ (ਜਤਿੰਦਰ ਮੰਨਵੀ)- ਅਮਰਗੜ੍ਹ ਨੂੰ ਸਬ-ਡਵੀਜ਼ਨ ਦਾ ਦਰਜਾ ਮਿਲਣ ਉਪਰੰਤ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਆਲੀਸ਼ਾਨ ਸਬ-ਡਵੀਜ਼ਨਲ ਕੰਪਲੈਕਸ 'ਚ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਹੀ ਵੀਰਾਨੀ ਛਾਈ ਰਹੀ ਅਤੇ ਪ੍ਰਸ਼ਾਸਨਿਕ ਜਵਾਬਦੇਹੀ ਦੀ ਪੋਲ ਖੁੱਲ੍ਹਦੀ ਨਜ਼ਰ ਆਈ | ਵਿਕਾਸ ਪੱਖੋਂ ਪਛੜੇ ਹੋਏ ਇਸ ਪੇਂਡੂ ਖੇਤਰ ਦੇ ਲੋਕਾਂ ਨੂੰ ਆਸ ਸੀ ਕਿ ਇੱਥੇ ਸਬ-ਡਿਵੀਜ਼ਨ ਪੱਧਰ ਦੇ ਦਫ਼ਤਰ ਸਥਾਪਿਤ ਹੋਣ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਨਾਲ ਉਨ੍ਹਾਂ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਲਈ ਮਲੇਰਕੋਟਲਾ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ ਤੇ ਸਾਰੇ ਕੰਮ ਕਾਜ ਅਮਰਗੜ੍ਹ 'ਚ ਇੱਕ ਛੱਤ ਹੇਠ ਹੋ ਜਾਣਗੇ | ਪਰ ਅੱਜ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਸੀ | ਜਦੋਂ ਮੀਡੀਆ ਕਰਮੀਆਂ ਨੇ ਨਵੇਂ ਸਾਲ ਦੇ ਮੌਕੇ 'ਤੇ ਤਹਿਸੀਲ ਦਫ਼ਤਰ ਦਾ ਅਚਨਚੇਤ ਦੌਰਾ ਕੀਤਾ ਤਾਂ ਹਾਲਾਤ ਬੇਹੱਦ ਹੈਰਾਨੀਜਨਕ ਸਨ, ਸਵੇਰੇ ਸਾਢੇ ਨੌਂ ਵਜੇ ਤੋਂ ਦਸ ਵਜੇ ਤੱਕ ਦਫ਼ਤਰ ਤਾਂ ਖੁੱਲ੍ਹੇ ਸਨ ਪਰ ਉੱਥੇ ਤਾਇਨਾਤ ਵੱਡੀ ਗਿਣਤੀ ਮੁਲਾਜ਼ਮ ਅਤੇ ਜ਼ਿੰਮੇਵਾਰ ਅਧਿਕਾਰੀ ਆਪਣੀਆਂ ਕੁਰਸੀਆਂ ਤੋਂ ਨਦਾਰਦ ਪਾਏ ਗਏ | ਇੱਥੋਂ ਤੱਕ ਕਿ ਆਪਣੀਆਂ ਸੀਟਾਂ 'ਤੇ ਮੌਜੂਦ ਕੁਝ ਕੁ ਮੁਲਾਜ਼ਮਾਂ ਨੇ ਵੀ ਆਪਣੇ ਸਾਥੀਆਂ ਦੀ ਗੈਰ ਮੌਜੂਦਗੀ ਬਾਰੇ ਪੁੱਛਣ 'ਤੇ ਚੁੱਪੀ ਧਾਰੀ ਰੱਖੀ | ਇਸ ਗੰਭੀਰ ਲਾਪਰਵਾਹੀ ਸਬੰਧੀ ਜਦੋਂ ਐਸ.ਡੀ.ਐਮ. ਮੈਡਮ ਸੁਰਿੰਦਰ ਕੌਰ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਿਰਫ਼ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਨ੍ਹਾਂ ਕੋਲ ਮਲੇਰਕੋਟਲਾ ਦਾ ਵਾਧੂ ਚਾਰਜ ਹੈ ਅਤੇ ਉਹ ਉੱਥੇ ਮੌਜੂਦ ਹਨ, ਪਰ ਦਫ਼ਤਰ ਦੀਆਂ ਖ਼ਾਲੀ ਕੁਰਸੀਆਂ ਬਾਰੇ ਉਹ ਕੋਈ ਵੀ ਠੋਸ ਜਵਾਬ ਨਾ ਦੇ ਸਕੇ | ਪ੍ਰਸ਼ਾਸਨ ਦੇ ਇਸ ਰਵੱਈਏ ਨੇ ਇਲਾਕਾ ਨਿਵਾਸੀਆਂ 'ਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ, ਜੋ ਹੁਣ ਸਵਾਲ ਕਰ ਰਹੇ ਹਨ ਕਿ ਕੀ ਇਹ ਕਰੋੜਾਂ ਦੀ ਇਮਾਰਤ ਸਿਰਫ਼ ਦਿਖਾਵੇ ਲਈ ਹੈ ਅਤੇ ਜੇਕਰ ਸਾਲ ਦੇ ਪਹਿਲੇ ਦਿਨ ਹੀ ਅਧਿਕਾਰੀ ਡਿਊਟੀ ਪ੍ਰਤੀ ਇੰਨੇ ਲਾਪਰਵਾਹ ਹਨ, ਤਾਂ ਆਮ ਦਿਨਾਂ ਵਿਚ ਕੀ ਹਾਲਤ ਹੋਣਗੇ ਤੇ ਜਨਤਾ ਦੀ ਸੁਣਵਾਈ ਕੌਣ ਕਰੇਗਾ |
ਕਰੋੜਾਂ ਦੇ ਤਹਿਸੀਲ ਕੰਪਲੈਕਸ 'ਚ ਨਵੇਂ ਸਾਲ ਦੇ ਪਹਿਲੇ ਦਿਨ ਹੀ ਜ਼ਿਆਦਾਤਰ ਕੁਰਸੀਆਂ ਖ਼ਾਲੀ
ਅਜੀਤ ਡੈਸਕ
02-01-2026