ਧੂਰੀ, 3 ਜਨਵਰੀ (ਲਖਵੀਰ ਸਿੰਘ ਧਾਂਦਰਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਧੂਰੀ ਦੇ ਨਜ਼ਦੀਕੀ ਦਰਜਨਾਂ ਪਿੰਡਾਂ ਵਿਚ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਅਤੇ ਕਿਸਾਨ-ਮਾਰੂ ਨੀਤੀਆਂ ਦੇ ਖ਼ਿਲਾਫ਼ ਇੱਕ ਪ੍ਰਭਾਵਸ਼ਾਲੀ 'ਝੰਡਾ ਮਾਰਚ' ਕੱਢਿਆ ਗਿਆ | ਇਸ ਮਾਰਚ ਰਾਹੀਂ ਜਿੱਥੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਉੱਥੇ ਹੀ ਸਰਕਾਰ ਵਿਰੁੱਧ ਇੱਕ ਵਿਸ਼ਾਲ ਲੋਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਕਿਸਾਨ ਆਗੂ ਹਰਪਾਲ ਸਿੰਘ ਪੇਧਨੀ, ਹਰਬੰਸ ਸਿੰਘ ਲੱਡਾ, ਮੇਜਰ ਸਿੰਘ ਪੁੰਨਾਂਵਾਲ, ਰਛਪਾਲ ਸਿੰਘ ਦੋਹਲਾ, ਭੁਪਿੰਦਰ ਸਿੰਘ ਭੁੱਲਰਹੇੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦੇਸ਼ ਦੀ ਕਿਸਾਨੀ ਅਤੇ ਮਜ਼ਦੂਰ ਵਰਗ ਦਾ ਗਲਾ ਘੁੱਟਣ ਵਾਲੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ 'ਬਿਜਲੀ ਸੋਧ ਬਿਲ 2025' ਅਤੇ 'ਸੀਡ (ਬੀਜ) ਸੋਧ ਬਿਲ' ਰਾਹੀਂ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ | ਉਨ੍ਹਾਂ ਟਰੇਡ ਯੂਨੀਅਨਾਂ ਦੇ 29 ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ 4 ਕੋਡਾ ਵਿਚ ਤਬਦੀਲ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਸਰਕਾਰਾਂ ਦੀਆਂ ਮਾੜੀਆਂ ਆਰਥਿਕ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹੇ ਕਰਜ਼ੇ 'ਤੇ ਲੀਕ ਫੇਰਨ ਦੀ ਮੰਗ ਦੁਹਰਾਈ ਗਈ | ਆਗੂਆਂ ਨੇ ਦੋਸ਼ ਲਾਇਆ ਕਿ ਨਾਂ ਬਦਲਣ ਦੀ ਆੜ ਹੇਠ ਸਰਕਾਰ ਮਨਰੇਗਾ ਸਕੀਮ ਨੂੰ ਹੌਲੀ-ਹੌਲੀ ਖ਼ਤਮ ਕਰ ਰਹੀ ਹੈ, ਜੋ ਗ਼ਰੀਬ ਮਜ਼ਦੂਰਾਂ ਦੇ ਰੁਜ਼ਗਾਰ 'ਤੇ ਸਿੱਧੀ ਸੱਟ ਹੈ, ਕਿਸਾਨ ਆਗੂ ਹਰਪਾਲ ਸਿੰਘ ਪੇਧਨੀ ਨੇ ਦੱਸਿਆ ਕਿ ਇਨ੍ਹਾਂ ਮਾਰੂ ਨੀਤੀਆਂ ਦੇ ਵਿਰੋਧ ਵਿਚ 16 ਜਨਵਰੀ ਨੂੰ ਸੂਬੇ ਦੇ ਡੀ.ਸੀ. ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ | ਇਸ ਸੰਘਰਸ਼ ਵਿਚ ਬਿਜਲੀ ਬੋਰਡ ਦੀਆਂ ਜਥੇਬੰਦੀਆਂ, ਮਨਰੇਗਾ ਕਾਮੇ ਅਤੇ ਖੇਤ ਮਜ਼ਦੂਰਾਂ ਦੀਆਂ ਹਮਿਖ਼ਆਲੀ ਜਥੇਬੰਦੀਆਂ ਵੀ ਪੂਰਨ ਸਹਿਯੋਗ ਦੇਣਗੀਆਂ | ਇਸ ਮੌਕੇ ਗੁਰਜੀਤ ਸਿੰਘ ਭੜੀ ਮਾਨਸਾ, ਬਲਵਿੰਦਰ ਸਿੰਘ ਜੱਖਲਾਂ, ਜਰਨੈਲ ਸਿੰਘ ਜਹਾਂਗੀਰ, ਅਮਰੀਕ ਸਿੰਘ ਕਾਂਝਲਾ, ਨਾਜਮ ਸਿੰਘ ਪੁੰਨਾਂਵਾਲ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ |