02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ ਸਜਾਏ <br/>

Ad Position 21
No active advertisement
ਅਜੀਤ ਡੈਸਕ 04-01-2026
ਮਲੇਰਕੋਟਲਾ, 3 ਜਨਵਰੀ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਮਲੇਰਕੋਟਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਏ ਗਏ | ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਨਗਰ ਕੀਰਤਨ ਮੌਕੇ ਸਿੱਖ, ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕ ਪੂਰੀ ਸ਼ਰਧਾ ਨਾਲ ਸ਼ਾਮਲ ਹੋਏ | ਗੁਰਦੁਆਰਾ ਸਾਹਿਬ ਵਿਖੇ ਮੁੱਖ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਕੀਤੀ | ਅਰਦਾਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਦਸਮੇਸ਼ ਪਿਤਾ ਦੇ ਕੁਰਬਾਨੀਆਂ ਭਰੇ ਜੀਵਨ ਸਬੰਧੀ ਜਾਣੂ ਕਰਵਾਉਂਦਿਆਂ ਉਨ੍ਹਾਂ ਵੱਲੋਂ ਬਖ਼ਸ਼ੀ ਖੰਡੇ ਬਾਟੇ ਦੀ ਦਾਤ ਅੰਮਿ੍ਤ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ | ਭਾਈ ਅਵਤਾਰ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਵਾਹਨਾਂ 'ਤੇ ਸਜਾਈਆਂ ਸਟੇਜਾਂ ਤੋਂ ਕੀਰਤਨੀ ਜਥੇ ਰੱਬੀ ਬਾਣੀ ਦਾ ਮਨੋਹਰ ਕੀਰਤਨ ਕਰ ਰਹੇ ਸਨ | ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜ ਸੇਵੀ ਤੇ ਵਪਾਰਕ ਸੰਸਥਾਵਾਂ ਵਲੋਂ ਮਲੇਰਕੋਟਲਾ ਸ਼ਹਿਰ ਵਿਚ ਥਾਂ-ਥਾਂ ਸਵਾਗਤੀ ਗੇਟ ਉਸਾਰੇ ਗਏ ਅਤੇ ਸੰਗਤਾਂ ਵੱਲੋਂ ਜਗ੍ਹਾ ਜਗ੍ਹਾ ਲੰਗਰ ਲਗਾਏ ਗਏ | ਨਗਰ ਕੀਰਤਨ ਸ਼ਹਿਰ ਦੇ ਮੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਵਿਖੇ ਹੀ ਸੰਪੂਰਨ ਹੋਇਆ | ਨਗਰ ਕੀਰਤਨ ਅੱਗੇ ਸਾਹਿਬਜ਼ਾਦਾ ਐਜੂਕੇਸ਼ਨਲ ਟਰੱਸਟ ਦੀਆਂ ਵਿੱਦਿਅਕ ਸੰਸਥਾਵਾਂ ਸਮੇਤ ਵੱਖ-ਵੱਖ ਸਕੂਲਾਂ ਕਾਲਜਾਂ ਦੇ ਬੱਚੇ ਆਪੋ ਆਪਣੇ ਬੈਨਰਾਂ ਸਮੇਤ ਚੱਲ ਰਹੇ ਸਨ | ਗਤਕਾ ਪਾਰਟੀਆਂ ਵੱਲੋਂ ਥਾਂ-ਥਾਂ ਗਤਕੇ ਦੇ ਜੌਹਰ ਵਿਖਾਏ ਗਏ | ਇਸ ਮੌਕੇ ਭਾਈ ਜਗਦੀਸ਼ ਸਿੰਘ ਘੁੰਮਣ ਦੇ ਨਾਲ ਸਾਹਿਬਜ਼ਾਦਾ ਫ਼ਤਿਹ ਸਿੰਘ ਐਜੂਕੇਸ਼ਨ ਟਰੱਸਟ ਦੇ ਵਾਇਸ ਚੇਅਰਮੈਨ ਅਮਰਿੰਦਰ ਸਿੰਘ ਮੰਡੀਆਂ, ਸਾਹਿਬਜ਼ਾਦਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਸਾਬਕਾ ਚੇਅਰਮੈਨ ਹਰਦੀਪ ਸਿੰਘ ਖਟੜਾ, ਜਥੇਦਾਰ ਮਨਸ਼ਾਂਤ ਸਿੰਘ ਜਲਾਲਾਬਾਦ, ਗੁਰਦੁਆਰਾ ਹਾਅ ਦਾ ਨਾਅਰਾ ਦੇ ਹੈੱਡ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਜਥੇਦਾਰ ਚਮਕੌਰ ਸਿੰਘ ਬੂਲਾਪੁਰ, ਬੀ.ਡੀ.ਪੀ.ਓ. ਜਸਪਰੀਤ ਸਿੰਘ ਜਵੰਧਾ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਪਿ੍ੰਸੀਪਲ ਪਰਮਜੀਤ ਸਿੰਘ ਚੀਮਾ ਅਤੇ ਪਿ੍ੰਸੀਪਲ ਬਲਜੀਤ ਸਿੰਘ ਟਿਵਾਣਾ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਵੱਖ-ਵੱਖ ਥਾਵਾਂ 'ਤੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਪੰਜ ਪਿਆਰਿਆਂ, ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਰਾਗੀ-ਢਾਡੀ ਜਥਿਆਂ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ |
ਚੀਮਾਂ ਮੰਡੀ, (ਜਗਰਾਜ ਮਾਨ) -ਨਜ਼ਦੀਕੀ ਪਿੰਡ ਸ਼ਾਹਪੁਰ ਕਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀਂ ਮੰਜੀ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਏ ਕਮਾਲ, ਸਰਬੰਸਦਾਨੀ, ਕਲਗ਼ੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਸ਼ੁਰੂਆਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬੂਟਾ ਸਿੰਘ ਨੇ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸ਼ਸ਼ੋਭਿਤ ਕਰਨ ਦੀ ਸੇਵਾ ਨਿਭਾਈ | ਨਗਰ ਕੀਰਤਨ ਪੰਜ ਪਿਆਰਿਆਂ ਭਾਈ ਅਮਰਜੀਤ ਸਿੰਘ, ਭਾਈ ਰਾਮ ਸਿੰਘ, ਭਾਈ ਜਸ਼ਨਪ੍ਰੀਤ ਸਿੰਘ, ਭਾਈ ਦਿਲਜੋਬਨ ਸਿੰਘ, ਭਾਈ ਬਲਰਾਜ ਸਿੰਘ ਦੀ ਅਗਵਾਈ ਵਿਚ ਬਹੁਤ ਹੀ ਸੁੰਦਰ ਪਾਲਕੀ 'ਚ ਰਵਾਨਾ ਹੋਇਆ ਤੇ ਪਿੰਡ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ | ਨਗਰ ਕੀਰਤਨ ਦੌਰਾਨ ਪਿੰਡ 'ਚ ਵੱਖ ਸਥਾਨਾਂ ਤੇ ਬਦਾਨਾ, ਪਕੌੜਿਆਂ, ਕੇਲਿਆਂ, ਲੱਡੂਆਂ ਤੇ ਚਾਹ ਦੁੱਧ ਦਾ ਲੰਗਰ ਅਤੁੱਟ ਵਰਤਿਆ ਅਤੇ ਪਿੰਡ ਦੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਨਗਰ ਕੀਰਤਨ ਦਾ ਰਸਤਿਆਂ 'ਚ ਪਤੰਗੀਆਂ ਲਾ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਫੁੱਲਾਂ ਦੀ ਵਰਖਾ ਕਰ ਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ | ਵੱਖ-ਵੱਖ ਢਾਡੀ ਜਥਿਆਂ ਤੋਂ ਇਲਾਵਾ ਗੋਲਡ ਮੈਡਲਿਸਟ ਢਾਡੀ ਗਿਆਨੀ ਜਸਪਾਲ ਸਿੰਘ ਉਦਾਸੀ ਸਮਾਲਸਰ ਵਾਲਿਆਂ ਵਲੋਂ ਸੰਗਤਾਂ ਨੂੰ ਸਿੱਖ ਧਰਮ ਨਾਲ ਸੰਬੰਧਤ ਵਾਰਾਂ ਸੁਣਾਈਆਂ ਤੇ ਭਾਈ ਗੁਰਸੇਵਕ ਸਿੰਘ ਹਜੂਰੀ ਰਾਗੀ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਬੀਰ ਖ਼ਾਲਸਾ ਗੱਤਕਾ ਗਰੁੱਪ ਮਸਤੂਆਣਾ ਸਾਹਿਬ ਦੇ ਜਥੇ ਨੇ ਗੱਤਕਾ ਦੇ ਜੌਹਰ ਵਿਖਾਏ | ਸਟੇਜ ਸਕੱਤਰ ਦੀ ਸੇਵਾ ਡਾਇਰੈਕਟਰ ਗੁਰਚਰਨ ਸਿੰਘ ਨੇ ਨਿਭਾਈ | ਨਗਰ ਕੀਰਤਨ ਮੌਕੇ ਬੀਬੀਆਂ ਦੇ ਜਥੇ ਨੇ ਝਾੜੂ ਦੀ ਸੇਵਾ ਨਿਭਾਈ ਅਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਮੰਜੀ ਸਾਹਿਬ ਦੀ ਸਮੁੱਚੀ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਜਥਿਆਂ ਦੇ ਰੂਪ ਚ ਪਿੰਡ ਦੇ ਸੇਵਾਦਾਰਾਂ ਵਲੋਂ ਨਗਰ ਕੀਰਤਨ ਸਮੇਂ ਸਵੇਰੇ ਤੋਂ ਸ਼ਾਮ ਤੱਕ ਸੇਵਾ ਦੀ ਡਿਊਟੀ ਬਹੁਤ ਹੀ ਸਰਧਾ ਤੇ ਸਤਿਕਾਰ ਨਾਲ ਨਿਭਾਈ ਗਈ |
ਸੰਦੌੜ, (ਜਸਵੀਰ ਸਿੰਘ ਜੱਸੀ) - ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖ਼ੁਰਦ ਵਿਖੇ ਨਗਰ ਕੀਰਤਨ ਸ਼ਰਧਾ, ਉਤਸ਼ਾਹ ਨਾਲ ਸਜਾਇਆ ਗਿਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਪਿੰਡ ਦੀਆਂ ਮੁੱਖ ਗਲੀਆਂ ਅਤੇ ਬਾਜ਼ਾਰਾਂ ਵਿਚੋਂ ਲੰਘਦਾ ਹੋਇਆ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਾ ਰਿਹਾ | ਨਗਰ ਕੀਰਤਨ ਦੌਰਾਨ ਵੱਖ-ਵੱਖ ਰਾਗੀ ਜਥਿਆਂ ਵਲੋਂ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ | ਇਸ ਮੌਕੇ ਗਤਕਾ ਅਖਾੜਿਆਂ ਵਲੋਂ ਸ਼ਸਤਰ ਵਿਦਿਆ ਦੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਨੌਜਵਾਨਾਂ ਵਿਚ ਖ਼ਾਲਸਾਈ ਜਜ਼ਬੇ ਨੂੰ ਹੋਰ ਮਜ਼ਬੂਤ ਕੀਤਾ ਗਿਆ | ਸੰਗਤਾਂ ਵਲੋਂ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ ਲਗਾ ਕੇ ਪੂਰੇ ਇਲਾਕੇ ਨੂੰ ਗੁਰਮਈ ਮਾਹੌਲ ਵਿਚ ਰੰਗ ਦਿੱਤਾ ਗਿਆ | ਨਗਰ ਕੀਰਤਨ ਦੇ ਸਵਾਗਤ ਲਈ ਰਸਤੇ ਵਿਚ ਥਾਂ-ਥਾਂ 'ਤੇ ਗੁਰੂ ਕਾ ਲੰਗਰ ਲਗਾਇਆ ਗਿਆ, ਜਿੱਥੇ ਸੇਵਾਦਾਰਾਂ ਵਲੋਂ ਨਿਸ਼ਕਾਮ ਸੇਵਾ ਕੀਤੀ ਗਈ | ਪਿੰਡ ਦੀਆਂ ਮਾਤਾਵਾਂ-ਭੈਣਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਗੁਰੂ ਘਰ ਪ੍ਰਤੀ ਆਪਣੀ ਅਟੱਲ ਸ਼ਰਧਾ ਪ੍ਰਗਟ ਕੀਤੀ | ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੱਚ, ਸੇਵਾ, ਬਹਾਦਰੀ ਅਤੇ ਭਾਈਚਾਰੇ ਦੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਸਮੂਹ ਪਿੰਡ ਵਾਸੀਆਂ ਵਲੋਂ ਇਸ ਧਾਰਮਿਕ ਸਮਾਗਮ ਦੀ ਸਫ਼ਲਤਾ ਲਈ ਸਹਿਯੋਗ ਦਿੱਤਾ ਗਿਆ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ, ਸਰਪੰਚ ਕੁਲਵੀਰ ਸਿੰਘ ਮਾਣਕ ਫ਼ੌਜੀ ਖ਼ੁਰਦ, ਆੜ੍ਹਤੀਆਂ ਪਰਮਜੀਤ ਸਿੰਘ ਧਾਲੀਵਾਲ, ਕੇਵਲਜੀਤ ਸਿੰਘ ਧਾਲੀਵਾਲ, ਅਤੇ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ |
ਮੂਨਕ, (ਵਰਿੰਦਰ ਭਾਰਦਵਾਜ) - ਸਾਹਿਬ ਏ ਕਮਾਲ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਟੋਹਾਣਾ ਰੋੜ ਸਥਿਤ ਗੁਰਦੁਆਰਾ ਨੱਕਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਰਿਛਪਾਲ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਏ ਗਏ ਜਿਸ ਵਿਚ ਪਹੁੰਚ ਕੇ ਇਲਾਕਾ ਨਿਵਾਸੀ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਲਗਵਾਈਆਂ | ਨਗਰ ਕੀਰਤਨ ਗੁਰੂ ਘਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਰਾਮਪੁਰਾ, ਹਾਂਡਾ, ਕੁਦਨੀ, ਕੜੈਲ, ਮੂਨਕ ਸ਼ਹਿਰ, ਸੁਰਜਨ ਭੈਣੀ, ਫੁਲਦ, ਗਨੌਟਾ, ਮਕੋਰੜ ਸਾਹਿਬ, ਸਲੇਮਗੜ੍ਹ ਤੋਂ ਹੁੰਦੇ ਹੋਏ ਗੁਰਦੁਆਰਾ ਨੱਕਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਦੌਰਾਨ ਲਕਸ਼ਮੀ ਕਾਰ ਪੈਲੇਸ ਮੂਨਕ ਸਮੇਤ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਵਲੋਂ ਸੰਗਤਾਂ ਲਈ ਰਸਤੇ ਵਿਚ ਖਾਣ ਪੀਣ ਦੀਆਂ ਵਸਤਾਂ, ਦੁੱਧ ਤੇ ਚਾਹ ਆਦਿ ਦੇ ਲੰਗਰ ਲਗਾਏ ਹੋਏ ਸਨ | ਇਸ ਦੌਰਾਨ ਬਾਬਾ ਰਿਛਪਾਲ ਸਿੰਘ ਵਲੋਂ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰੂ ਘਰ ਦੇ ਸੇਵਾਦਾਰਾਂ ਤੋਂ ਇਲਾਵਾ ਸਮੂਹ ਸਿੱਖ ਸੰਗਤਾਂ, ਸਿੰਘਣੀਆਂ, ਬੱਚੇ ਅਤੇ ਸ਼ਰਧਾਲੂਆਂ ਸਮੇਤ ਸੇਵਾਦਾਰ ਮਨਪ੍ਰੀਤ ਸਿੰਘ ਮਨੀ ਨੇ ਵੀ ਹਾਜ਼ਰੀ ਲਗਵਾਈ |
ਧੂਰੀ, (ਲਖਵੀਰ ਸਿੰਘ ਧਾਂਦਰਾ) - ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰਾ ਸਾਹਿਬ ਪ੍ਰਬੰਧਕ ਕਮੇਟੀ ਧੂਰੀ ਪਿੰਡ ਦੋਹਲਾ ਦਰਵਾਜ਼ਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਧੂਰੀ ਪਿੰਡ ਦੋਹਲਾ ਦਰਵਾਜ਼ਾ ਵਿਖੇ ਸਮਾਪਤ ਹੋਇਆ, ਇਸ ਨਗਰ ਕੀਰਤਨ ਵਿਚ ਗੁਰੂ ਦੀਆਂ ਲਾਡਲੀਆਂ ਫ਼ੌਜਾਂ, ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਲੋਕਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਅਤੇ ਪੰਚਾਇਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਿੰਟੂ ਨਾਗਪਾਲ, ਡੀ.ਡੀ.ਐਸ. ਦੇ ਐਮ.ਡੀ. ਸੁਖਵਿੰਦਰ ਸਿੰਘ ਪਲਾਹਾ ਅਤੇ ਵੱਖ-ਵੱਖ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰਾ ਸਾਹਿਬ ਪ੍ਰਬੰਧਕ ਕਮੇਟੀ ਧੂਰੀ ਪਿੰਡ ਦੋਹਲਾ ਦਰਵਾਜ਼ਾ ਦੇ ਪ੍ਰਧਾਨ ਜਗਤਾਰ ਸਿੰਘ ਧੂਰੀ ਪਿੰਡ ਨੇ ਨਗਰ ਕੀਰਤਨ ਸਮੇਂ ਪਹੁੰਚਿਆ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ |
ਅਮਰਗੜ੍ਹ, (ਪਵਿੱਤਰ ਸਿੰਘ) - ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਮਰਗੜ੍ਹ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਫੁੱਲਾਂ ਨਾਲ ਸਜਾਈ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਭਾਈ ਜਸਪ੍ਰੀਤ ਸਿੰਘ, ਭਾਈ ਨੈਬ ਸਿੰਘ, ਭਾਈ ਮਲਕੀਤ ਸਿੰਘ, ਡਾਕਟਰ ਜਗਮੋਹਨ ਸਿੰਘ ਅਤੇ ਭਾਈ ਦਰਸ਼ਨ ਸਿੰਘ ਵਲੋਂ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਗਤਕਾ ਪਾਰਟੀਆਂ, ਬੈਂਡ ਵਾਜਿਆਂ ਅਤੇ ਸੰਗਤਾਂ ਦੇ ਗੂੰਜਦੇ ਜੈਕਾਰਿਆਂ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸੰਗਤਸਰ ਸਾਹਿਬ ਗਿਆਨੀ ਜੈਲ ਸਿੰਘ ਕਲੋਨੀ ਅਤੇ ਸਥਾਨਕ ਬਾਜ਼ਾਰ ਵਿਚੋਂ ਦੀ ਹੁੰਦਾ ਹੋਇਆ ਪੁੱਡਾ ਕਲੋਨੀ ਅਮਰਗੜ੍ਹ ਤੋਂ ਵਾਪਸ ਗੁਰਦੁਆਰਾ ਸਾਹਿਬ ਆ ਕੇ ਸੰਪੰਨ ਹੋਇਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਕੱਲ੍ਹ 4 ਜਨਵਰੀ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਘਰ ਦਾ ਰਾਗੀ ਜਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰੇਗਾ ਅਤੇ 9.30 ਵਜੇ ਬੀਬੀ ਪਰਮਿੰਦਰ ਕੌਰ ਖ਼ਾਲਸਾ ਦਾ ਢਾਡੀ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾਏਗਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਕਰਵ... ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਪਿੰਡਾਂ 'ਚ ਕੇਂਦਰ ਸਰਕਾਰ ਵਿਰੁੱਧ ਕੀਤਾ ਝੰਡਾ ਮਾਰਚ <br/>
Ad Position 24