ਭਵਾਨੀਗੜ੍ਹ, 3 ਜਨਵਰੀ (ਲਖਵਿੰਦਰ ਪਾਲ ਗਰਗ) - ਪਿੰਡ ਕਾਕੜੇ ਦੇ ਇੱਕ ਵਿਅਕਤੀ ਵਲੋਂ ਆਪਣੀ ਜ਼ਮੀਨ ਵੇਚਣ ਸਬੰਧੀ ਲੁਧਿਆਣੇ ਦੇ ਇੱਕ ਵਿਅਕਤੀ ਨਾਲ 25 ਲੱਖ ਰੁਪਏ ਦੀ ਠੱਗੀ ਮਾਰਨ ਦੀ ਖ਼ਬਰ ਹੈ | ਇਸ ਸਬੰਧੀ ਪੁਨੀਤ ਸਿੰਗਲਾ ਪੁੱਤਰ ਧਰਮ ਸਿੰਗਲਾ ਵਾਸੀ ਮੁੱਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਪਿੰਡ ਕਾਕੜਾ ਦੇ ਕਰਨੈਲ ਸਿੰਘ ਪੁੱਤਰ ਲਾਲ ਸਿੰਘ ਨਾਲ ਜ਼ਮੀਨ ਦਾ ਸੌਦਾ ਤੈਅ ਕੀਤਾ ਸੀ ਜਿਸ ਦੇ ਬਿਆਨੇ ਵਜੋਂ 25 ਲੱਖ ਰੁਪਏ ਕਰਨੈਲ ਸਿੰਘ ਨੂੰ ਦਿੱਤੇ ਗਏ ਸੀ | ਜਿਸ ਦੀ ਰਜਿਸਟਰੀ ਦਾ ਸਮਾਂ ਤੈਅ ਹੋਣ 'ਤੇ ਉਹ ਆਪਣੇ ਗਵਾਹ ਸਮੇਤ ਅਤੇ ਬਕਾਇਆ ਰਕਮ ਨੂੰ ਲੈ ਕੇ ਸਥਾਨਕ ਰਜਿਸਟਰਾਰ ਦਫ਼ਤਰ ਵਿਖੇ ਪਹੁੰਚ ਗਿਆ ਸੀ ਪਰ ਕਰਨੈਲ ਸਿੰਘ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਲਈ ਨਹੀਂ ਪਹੁੰਚਿਆਂ ਜਿਸ ਨੂੰ ਉਸ ਵਲੋਂ ਵਾਰ-ਵਾਰ ਫ਼ੋਨ ਵੀ ਕੀਤੇ ਗਏ ਪਰ ਉਹ ਨਾ ਆਇਆ | ਇਸ ਤੋਂ ਇੱਕ ਮਹੀਨੇ ਬਾਅਦ ਵੀ ਕਰਨੈਲ ਸਿੰਘ ਉਸ ਨਾਲ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਹਾਂ ਕਰਕੇ ਰਜਿਸਟਰੀ ਕਰਵਾਉਣ ਦੇ ਲਈ ਨਹੀਂ ਆਇਆ | ਜਿਸ ਤੋਂ ਪ੍ਰੇਸ਼ਾਨ ਹੁੰਦਿਆਂ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਲਿਖਤੀ ਸ਼ਿਕਾਇਤ ਕਰਦਿਆਂ ਇਨਸਾਫ਼ ਦੀ ਮੰਗ ਕੀਤੀ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਕਰਨੈਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਕਾਕੜਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |