ਲਹਿਰਾਗਾਗਾ, 28 ਜਨਵਰੀ (ਅਸ਼ੋਕ ਗਰਗ) - ਨੇੜਲੇ ਪਿੰਡ ਝਲੂਰ ਦੀ ਪੰਚਾਇਤ ਵੱਲੋਂ ਸਰਪੰਚ ਗੁਰਵਿੰਦਰ ਸਿੰਘ ਸੂਚ ਦੀ ਅਗਵਾਈ ਹੇਠ ਪਤੰਗਬਾਜ਼ੀ ਖ਼ਿਲਾਫ਼ ਮਤਾ ਪਾ ਕੇ ਪਿੰਡ ਅੰਦਰ ਦੁਕਾਨਾਂ ਤੇ ਚਾਇਨਾ ਡੋਰ, ਪਤੰਗ ਵੇਚਣ ਅਤੇ ਪਤੰਗ ਉਡਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਹਰ ਸਾਲ ਚਾਇਨਾ ਡੋਰ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰਾਂ ਦੀਆਂ ਮੌਤਾਂ ਵੀ ਹੁੰਦੀਆਂ ਹਨ ਤੇ ਬਹੁਤ ਲੋਕ ਜ਼ਖਮੀ ਵੀ ਹੁੰਦੇ ਹਨ | ਬਹੁਤ ਸਾਰੀਆਂ ਖ਼ਬਰਾਂ ਚਾਇਨਾ ਡੋਰ ਨਾਲ ਜਾਂ ਪਤੰਗਬਾਜ਼ੀ ਦੌਰਾਨ ਮੌਤ ਹੋਣ ਜਾਂ ਜ਼ਖਮੀ ਹੋਣ ਦੀਆਂ ਸਾਹਮਣੇ ਆਈਆਂ ਹਨ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਚਾਇਤ ਵੱਲੋਂ ਇਹ ਮਤਾ ਪਾ ਕੇ ਪਿੰਡ ਅੰਦਰ ਦੁਕਾਨਾਂ 'ਤੇ ਚਾਇਨਾ ਡੋਰ, ਪਤੰਗ ਵੇਚਣ ਅਤੇ ਪਤੰਗਬਾਜ਼ੀ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਪਿੰਡ ਦੇ ਦੁਕਾਨਦਾਰਾਂ ਨੂੰ ਚਾਇਨਾ ਡੋਰ, ਪਤੰਗ ਨਾ ਵੇਚਣ ਦੀ ਅਪੀਲ ਕੀਤੀ ਗਈ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਅਨਾਊਾਸਮੈਂਟ ਕਰਵਾ ਕੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਫਿਰ ਵੀ ਜੇਕਰ ਕੋਈ ਚਾਇਨਾ ਡੋਰ, ਪਤੰਗ ਵੇਚੇਗਾ ਜਾਂ ਪਤੰਗ ਚੜ੍ਹਾਏਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ | ਪਿੰਡ ਵਾਸੀ ਗੁਰਦੀਪ ਸਿੰਘ ਨੰਬਰਦਾਰ, ਹਰਦੇਵ ਸਿੰਘ ਕਾਲਾ, ਮੋਹਣ ਸਿੰਘ, ਜਗਤਾਰ ਸਿੰਘ ਸਾਬਕਾ ਪੰਚ, ਮੱਖਣ ਸਿੰਘ ਨੰਬਰਦਾਰ, ਭੀਮ ਸਿੰਘ ਸੂਚ, ਰਿੰਕੂ ਗੋਇਲ, ਅਵਤਾਰ ਸਿੰਘ ਖ਼ਾਲਸਾ ਵੱਲੋਂ ਪੰਚਾਇਤ ਵੱਲੋਂ ਖ਼ੂਨੀ ਚਾਇਨਾ ਡੋਰ ਤੇ ਪਤੰਗਬਾਜ਼ੀ ਖ਼ਿਲਾਫ਼ ਪਾਏ ਮਤੇ ਦੀ ਸ਼ਲਾਘਾ ਕੀਤੀ ਗਈ ਤੇ ਪੰਚਾਇਤ ਨੂੰ ਹਰ ਪੱਧਰ 'ਤੇ ਸਹਿਯੋਗ ਦੇਣ ਦੀ ਗੱਲ ਕਹੀ | ਇਸ ਮੌਕੇ ਪੰਚਾਇਤ ਮੈਂਬਰ ਰਾਜ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਗਿੰਦਰ ਸਿੰਘ, ਮਨਪ੍ਰੀਤ ਕੌਰ, ਮਨਦੀਪ ਕੌਰ ਵੀ ਹਾਜ਼ਰ ਸਨ |