ਅਬੋਹਰ, 28 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ) ਸਥਾਨਕ ਸੀਤੋ ਰੋਡ ਦੇ ਨਾਲ ਲੱਗਦੇ ਮੁਹੱਲਾ ਵਾਸੀਆਂ ਦੀ ਇਕ ਵਿਸ਼ੇਸ਼ ਮੀਟਿੰਗ ਲੂਣਾ ਨਰਸਿੰਗ ਹੋਮ ਦੇ ਸਾਹਮਣੇ ਕੀਤੀ ਗਈ | ਜਿਸ ਵਿਚ ਲੰਬੇ ਸਮੇਂ ਤੋਂ ਸੜਕ ਦੀ ਸਮੱਸਿਆ ਬਾਰੇ ਸੰਘਰਸ਼ ਕਰਦੇ ਸਮੂਹ ਮੁਹੱਲਾ ਵਾਸੀਆਂ ਨੇ ਫ਼ੈਸਲਾ ਲਿਆ ਹੈ ਕਿ ਜੇਕਰ ਇਹ ਸੜਕ ਨਾ ਬਣੀ ਤਾਂ ਅਬੋਹਰ ਨਗਰ ਨਿਗਮ ਚੋਣਾਂ ਦਾ ਬਾਈਕਾਟ ਕਰਦੇ ਹੋਏ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਨੂੰ ਮੁਹੱਲੇ ਵਿਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਜਿਸ ਪਾਰਟੀ ਨੇ ਵੀ ਸੜਕ ਬਣਾਈ ਸਮੂਹ ਮੁਹੱਲਾ ਵਾਸੀ ਉਸ ਪਾਰਟੀ ਨੂੰ ਵੋਟਾਂ ਪਾਉਣਗੇ | ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸੀਤੋ ਰੋਡ ਦੇ ਵਸਨੀਕ ਰਾਜਾ ਗਰੋਵਰ ਨੇ ਦੱਸਿਆ ਕਿ ਲੰਬੇ ਸਮੇਂ ਬਾਅਦ ਸੀਤੋ ਰੋਡ ਦਾ ਪੁਨਰ ਨਿਰਮਾਣ ਕੀਤਾ ਗਿਆ ਸੀ ਪਰ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਨਾ ਹੋਣ ਕਾਰਨ ਰੇਲਵੇ ਫਾਟਕ ਨੇੜੇ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ | ਸੀਤੋ ਰੋਡ ਤੋਂ ਲੰਘਣ ਵਾਲੇ ਰਾਹਗੀਰ ਕਈ ਵਾਰ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ | ਇਸ ਸੜਕ 'ਤੇ ਕਈ ਨਾਮਵਰ ਸਕੂਲਾਂ ਦੇ ਨਾਲ ਹਸਪਤਾਲ ਅਤੇ ਤਹਿਸੀਲ ਕੰਪਲੈਕਸ ਹੋਣ ਦੇ ਬਾਵਜੂਦ ਵੀ ਇਸ ਸੜਕ ਵੱਲ ਕਿਸੇ ਵੀ ਪਾਰਟੀ ਨੇ ਧਿਆਨ ਨਹੀਂ ਦਿੱਤਾ | ਜਿਸ ਦਾ ਹਰਜਾਨਾ ਹੁਣ ਨਗਰ ਨਿਗਮ ਚੋਣਾਂ ਦੇ ਉਮੀਦਵਾਰਾਂ ਨੂੰ ਭੁਗਤਣਾ ਪਵੇਗਾ | ਉਨ੍ਹਾਂ ਦੱਸਿਆ ਕਿ ਮੁਹੱਲਾ ਵਾਸੀਆਂ ਨਾਲ ਕਿਸਾਨ ਜਥੇਬੰਦੀਆਂ, ਲੈਬ ਯੂਨੀਅਨ, ਮੈਡੀਕਲ ਯੂਨੀਅਨ ਨੇ ਵੀ ਮੁਹੱਲਾ ਵਾਸੀਆਂ ਦੇ ਨਾਲ ਖੜਨ ਦਾ ਫ਼ੈਸਲਾ ਲਿਆ | ਉਨ੍ਹਾਂ ਕਿਹਾ ਜੇਕਰ ਕਿਸੇ ਪਾਰਟੀ ਨੇ ਸਾਡੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਲੰਬੇ ਸਮੇਂ ਲਈ ਉਕਤ ਸੜਕ ਬੰਦ ਕਰਕੇ ਧਰਨਾ ਲਗਾਉਣਗੇ ਲਈ ਮਜਬੂਰ ਹੋਵਾਂਗੇ | ਇਸ ਮੌਕੇ ਨਵੀਨ ਸ਼ਰਮਾ ਅਤੇ ਭੀਸ਼ਮ ਧੂੜੀਆ ਕੌਂਸਲਰ ਨੇ ਵੀ ਪਹੁੰਚ ਦੇ ਮੁਹੱਲਾ ਵਾਸੀਆਂ ਦੀ ਜਾਇਜ਼ ਦੱਸਿਆ | ਇਸ ਸੰਬੰਧੀ ਸੀਤੋ ਰੋਡ 'ਤੇ ਸਥਿਤ ਗੁਰਦਿਆਲ ਨਗਰ, ਏਕਤਾ ਕਾਲੋਨੀ, ਮਾਡਲ ਟਾਊਨ, ਸੁੰਦਰ ਨਗਰੀ ਆਦਿ ਮੁਹੱਲੇ ਦੇ ਵਸਨੀਕਾਂ ਨੂੰ ਲੈ ਕੇ ਸੀਤੋ ਰੋਡ ਸੁਧਾਰ ਕਮੇਟੀ ਵੀ ਬਣਾਈ ਗਈ | ਜਿਸ ਦੀ ਅਗਲੀ ਮੀਟਿੰਗ 1 ਫਰਵਰੀ ਐਤਵਾਰ ਨੂੰ ਲੂਣਾ ਨਰਸਿੰਗ ਹੋਮ ਦੇ ਸਾਹਮਣੇ ਹੋਵੇਗੀ |