ਛਾਜਲੀ, 31 ਜਨਵਰੀ (ਅਜਾਇਬ ਸਿੰਘ ਨੀਲੋਵਾਲ) - ਬੀਤੇ ਦਿਨੀਂ ਪਿੰਡ ਛਾਜਲੀ ਵਿਚ ਮੋਟਰਸਾਈਕਲ 'ਤੇ ਜਾ ਰਹੇ ਇੱਕ ਨੌਜਵਾਨ ਦੇ ਗਲ ਵਿਚ ਅਚਾਨਕ ਚਾਈਨਾ ਡੋਰ ਫਸ ਗਈ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਦੀ ਪਛਾਣ ਸੁਖਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ, ਵਾਸੀ ਕਾਹਲ ਪੱਤੀ ਛਾਜਲੀ ਵਜੋਂ ਹੋਈ ਹੈ | ਉਹ ਮੋਟਰਸਾਈਕਲ 'ਤੇ ਜਾ ਰਿਹਾ ਸੀ ਅਤੇ ਰਸਤੇ ਵਿਚ ਅਚਾਨਕ ਚਾਈਨਾ ਡੋਰ ਉਸ ਦੇ ਗਲ ਵਿਚ ਆ ਫਸੀ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੰੂ ਸੁਨਾਮ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਉਸ ਦੇ ਗਲ 'ਚ 11 ਟਾਂਕੇ ਅਤੇ ਹੱਥ ਦੇ ਅੰਗੂਠੇ 'ਚ 5 ਟਾਂਕੇ ਆਏ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚਾਈਨਾ ਡੋਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ | ਕਿਸਾਨ ਆਗੂ ਨੇ ਮੰਗ ਕੀਤੀ ਕਿ ਪਤੰਗਬਾਜ਼ੀ ਕਰਨ ਵਾਲਿਆਂ ਅਤੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ ਅਤੇ ਲੋੜ ਪੈਣ 'ਤੇ ਮਾਪਿਆਂ ਨੂੰ ਵੀ ਜ਼ਿੰਮੇਵਾਰ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਸਕੂਲੀ ਬੱਚੇ ਵੀ ਇਸ ਡੋਰ ਦਾ ਸ਼ਿਕਾਰ ਹੋ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ | ਪਿੰਡ ਦੇ ਬੁੱਧੀਜੀਵੀ ਵਰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਹਨਾਂ 'ਤੇ ਸਫ਼ਰ ਕਰਦੇ ਸਮੇਂ ਗਲ ਵਿਚ ਮਫ਼ਲਰ, ਹੱਥਾਂ ਵਿਚ ਦਸਤਾਨੇ ਅਤੇ ਸਿਰ 'ਤੇ ਹੈਲਮਟ ਦੀ ਵਰਤੋਂ ਜ਼ਰੂਰ ਕੀਤੀ ਜਾਵੇ | ਇਸ ਮਾਮਲੇ ਸਬੰਧੀ ਥਾਣਾ ਛਾਜਲੀ ਦੇ ਇੰਚਾਰਜ ਜਗਤਾਰ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਜੇਕਰ ਕਿਸੇ ਵਲੋਂ ਚਾਈਨਾ ਡੋਰ ਵੇਚਣ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ |