ਸੰਗਰੂਰ, 1 ਫਰਵਰੀ (ਧੀਰਜ ਪਸ਼ੌਰੀਆ) - ਪੰਜਾਬ ਵਿਚ ਪਿਛਲੇ ਸਾਲ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਡਿਊਟੀਆਂ ਲਗਾਉਣ ਦੌਰਾਨ ਸਰਕਾਰ ਦੇ ਨਾਕਸ ਪ੍ਰਬੰਧਾਂ ਅਤੇ ਗਲਤ ਪ੍ਰਸ਼ਾਸਕੀ ਫ਼ੈਸਲਿਆਂ ਦੀ ਭੇਂਟ ਚੜ੍ਹੇ ਅਧਿਆਪਕ ਜਸਕਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਦੇ ਮਾਮਲੇ ਵਿਚ ਮੁਕੰਮਲ ਇਨਸਾਫ਼ ਲੈਣ ਸਮੇਤ ਚੋਣ ਡਿਊਟੀਆਂ ਨਾਲ ਜੁੜੇ ਬਾਕੀ ਮਾਮਲਿਆਂ ਦੇ ਹੱਲ ਲਈ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕ ਇਨਸਾਫ਼ ਕਮੇਟੀ ਦੀ ਅਗਵਾਈ ਵਿਚ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਦਿਗਵਿਜੇਪਾਲ ਸ਼ਰਮਾ, ਵਿਕਰਦੇਵ ਸਿੰਘ, ਸੁਖਵਿੰਦਰ ਚਾਹਲ, ਸੁਰਿੰਦਰ ਪੁਆਰੀ, ਸੁਰਿੰਦਰ ਕੰਬੋਜ, ਬਲਜਿੰਦਰ ਧਾਲੀਵਾਲ, ਪ੍ਰਗਟਜੀਤ ਕਿਸ਼ਨਪੁਰਾ, ਹਰਜਿੰਦਰਪਾਲ ਪੰਨੂ, ਲਛਮਣ ਨਬੀਪੁਰ, ਦੀਪਕ ਕੰਬੋਜ, ਗੁਰਜੰਟ ਵਾਲੀਆ, ਸੰਦੀਪ ਗਿੱਲ, ਗੁਰਿੰਦਰ ਜੀਤ ਸਿੱਧੂ, ਸਤਨਾਮ ਰੰਧਾਵਾ, ਬਲਿਹਾਰ ਸਿੰਘ, ਜਗਦੀਸ਼ ਜੱਗੀ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਇਸੇ ਕੜੀ ਤਹਿਤ 18 ਜਨਵਰੀ 2026 ਨੂੰ ਨਵੀਂ ਅਨਾਜ਼ ਮੰਡੀ ਮੋਗਾ ਵਿਖੇ 'ਇਨਸਾਫ਼ ਰੈਲੀ' ਉਪਰੰਤ ਸੌਂਪੇ 'ਮੰਗ ਪੱਤਰ ਤੋਂ ਬਾਅਦ ਮੋਗਾ ਪ੍ਰਸਾਸ਼ਨ ਰਾਹੀਂ 28 ਜਨਵਰੀ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਮਿਲੀ ਸੀ ਜੋ ਕੇ ਹੁਣ ਮੁਲਤਵੀ ਕਰਕੇ 10 ਫਰਵਰੀ ਦੀ ਕਰ ਦਿੱਤੀ ਹੈ | ਆਗੂਆਂ ਨੇ ਇਸ ਮਸਲੇ ਦਾ ਜਲਦੀ ਨਿਪਟਾਰਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਹਾਦਸੇ 'ਚ ਮਰੇ ਅਧਿਆਪਕਾਂ ਦੇ ਬੱਚਿਆਂ ਦੇ ਨਾਂ 'ਤੇ 2-2 ਕਰੋੜ ਰੁਪਏ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਤੇ ਅਜਿਹੇ ਮਾਮਲਿਆਂ ਵਿੱਚ ਭਵਿੱਖ ਲਈ ਇੱਕ ਠੋਸ ਮੁਆਵਜ਼ਾ ਨੀਤੀ ਤਿਆਰ ਕੀਤੀ ਜਾਵੇ ਤੇ ਚੋਣਾਂ ਦੌਰਾਨ ਹੋਏ ਹਾਦਸਿਆਂ ਕਰਕੇ ਜਖਮੀ ਹੋਏ ਡਿਊਟੀ ਅਧਿਆਪਕਾਂ ਲਈ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ |