ਸੁਨਾਮ ਊਧਮ ਸਿੰਘ ਵਾਲਾ, 1 ਫਰਵਰੀ (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ | ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲ੍ਹਾਂ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ 'ਚ ਚੱਲ ਰਹੇ ਸੰਘਰਸ਼ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਦੋ ਕਿਸਾਨ ਆਗੂਆਂ ਨੂੰ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ, ਦੀ ਜ਼ਮਾਨਤ ਵੀ ਨਹੀਂ ਹੋਣ ਦਿੱਤੀ ਜਾ ਰਹੀ | ਉਨ੍ਹਾਂ ਕਿਹਾ ਕਿ ਕਿਸਾਨ ਆਗੂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਓਕੇ ਨੂੰ ਰਿਹਾ ਕਰਵਾਉਣ ਲਈ 6 ਫਰਵਰੀ ਨੂੰ ਜ਼ਿਲ੍ਹਾ ਬਠਿੰਡਾ ਦੇ ਸਿਵਲ ਸਕੱਤਰੇਤ ਦਾ ਲਗਾਤਾਰ ਦਿਨ ਰਾਤ ਘਿਰਾਓ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਕੇਂਦਰੀ ਬਜਟ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਬਜਟ ਬਿਲਕੁਲ ਖੋਖਲਾ ਹੈ ਕਿਉਂਕਿ ਮਿਹਨਤਕਸ਼ ਲੋਕਾਂ ਲਈ ਬਜਟ 'ਚ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਦਿੱਤੀ ਗਈ ਅਤੇ ਨਾਂ ਹੀ ਕਿਸਾਨਾਂ ਮਜ਼ਦੂਰਾਂ ਦੇ ਕਰਜਾ ਮਾਫੀ ਦੀ ਕੋਈ ਗੱਲ ਕੀਤੀ ਗਈ ਹੈ | ਕਿਸਾਨਾਂ ਨੂੰ ਹੋਰ ਕਰਜਾ ਦੇ ਕੇ ਕਰਜਾਈ ਕਰਨ ਦੀ ਬਿਉਂਤਬੰਦੀ ਬਣਾਈ ਗਈ ਹੈ | ਉਨ੍ਹਾਂ ਕਿਹਾ ਕਿ ਏ.ਆਈ.ਸਕੀਮ ਕਾਰਪੋਰੇਟ ਘਰਾਣਿਆਂ ਲਈ ਲਿਆਂਦੀ ਗਈ ਹੈ | ਇਸ ਮੌਕੇ ਅਮਨਦੀਪ ਸਿੰਘ ਮਹਿਲਾਂ, ਬਹਾਦਰ ਸਿੰਘ ਭਟਾਲ ਖੁਰਦ, ਜਸਵੰਤ ਸਿੰਘ ਤੋਲਾਵਾਲ, ਜਗਤਾਰ ਸਿੰਘ ਲੱਡੀ, ਕਰਨੈਲ ਸਿੰਘ ਗਨੋਟਾ, ਸੁਖਦੇਵ ਸਿੰਘ ਕੜੈਲ, ਹਰਬੰਸ ਸਿੰਘ ਲੱਡਾ, ਸੁਖਪਾਲ ਸਿੰਘ ਮਾਣਕ ਕਣਕਵਾਲ, ਹਰਜੀਤ ਸਿੰਘ ਮਹਿਲਾਂ, ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ ਜੱਟਾਂ ਅਤੇ ਰਣਜੀਤ ਸਿੰਘ ਲੌਂਗੋਵਾਲ ਆਦਿ ਮੌਜੂਦ ਸਨ |