ਲਹਿਰਾਗਾਗਾ, 2 ਫਰਵਰੀ (ਅਸ਼ੋਕ ਗਰਗ) - ਸਥਾਨਕ ਪ੍ਰਾਚੀਨ ਸ੍ਰੀ ਸ਼ਿਵ ਦੁਰਗਾ ਮੰਦਿਰ ਵਿਖੇ ਮਾਘ ਦੀ ਕਥਾ ਦੇ ਸਮਾਪਤੀ ਮੌਕੇ 'ਤੇ ਸ਼੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਗਾਂਧੀ ਗਰੁੱਪ ਦੇ ਪ੍ਰਦੀਪ ਕੁਮਾਰ ਸਿੰਗਲਾ ਤੇ ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਮੰਦਰ ਵਿਖੇ ਲੋੜਵੰਦਾਂ ਲਈ ਭੋਜਨ ਦੇ ਪ੍ਰਬੰਧ ਲਈ ਚੱਲ ਰਹੀ ਮਾਂ ਅੰਨਪੂਰਨਾ ਰਸੋਈ ਦੇ ਲੰਗਰ ਹਾਲ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ | ਉਨ੍ਹਾਂ ਸੰਬੋਧਨ ਕਰਦਿਆਂ ਮੰਦਿਰ ਕਮੇਟੀ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਵੱਲੋਂ ਹਰ ਸਹਿਯੋਗ ਦਾ ਵਿਸ਼ਵਾਸ ਦਿਵਾਇਆ | ਇੱਥੇ ਇਹ ਵਰਣਨ ਯੋਗ ਹੈ ਕਿ ਮੰਦਰ ਵਿਖੇ ਲਗਾਤਾਰ ਇੱਕ ਮਹੀਨੇ ਤੋਂ ਸ਼੍ਰੀ ਰਮਾਇਣ ਦੇ ਪਾਠ ਚੱਲ ਰਹੇ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ | ਇਸ ਸਮੇਂ ਅਟੁੱਟ ਭੰਡਾਰਾ ਵੀ ਵਰਤਾਇਆ ਗਿਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਮੰਦਰ ਤੇ ਪੁਜਾਰੀ ਮੋਨੂੰ ਕੌਸ਼ਿਕ, ਪੁਜਾਰੀ ਰਵੀ ਕੌਸ਼ਿਕ, ਭਾਜਪਾ ਦੇ ਸੀਨੀਅਰ ਆਗੂ ਸਤਪਾਲ ਸਿੰਗਲਾ, ਸ਼ੀਸ਼ਪਾਲ ਆਨੰਦ ਚੇਅਰਮੈਨ ਮਾਰਕੀਟ ਕਮੇਟੀ, ਮੰਦਰ ਕਮੇਟੀ ਦੇ ਸੁਦਰਸ਼ਨ ਸ਼ਰਮਾ, ਗੁਰਲਾਲ ਸਿੰਘ ਸਾਬਕਾ ਕੌਂਸਲਰ, ਗਗਨਦੀਪ ਕੌਸ਼ਿਕ, ਬਿੱਟੂ ਮਾਡਲ, ਸਾਹਿਲ ਜਿੰਦਲ, ਅਸ਼ੋਕ ਸ਼ਰਮਾ, ਅਜੇ ਜਿੰਦਲ, ਕਿ੍ਸ਼ਨਾ ਮੌਜੂਦ ਸਨ |