ਸੁਨਾਮ ਊਧਮ ਸਿੰਘ ਵਾਲਾ, 3 ਫਰਵਰੀ (ਧਾਲੀਵਾਲ, ਭੁੱਲਰ) - ਪੰਜਾਬ ਦੀ ਅਣਖ ਅਤੇ ਸਵੈ-ਮਾਣ ਦੇ ਮੁੱਦੇ 'ਤੇ ਕਾਂਗਰਸ ਨੇ ਮੌਜੂਦਾ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ | ਮਲੇਰਕੋਟਲਾ ਤੋਂ ਕਾਂਗਰਸ ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਨਿਸ਼ਾਂਤ ਅਖ਼ਤਰ (ਪੁੱਤਰੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ) ਨੇ ਸੂਬਾ ਸਰਕਾਰ ਅਤੇ ਦਿੱਲੀ ਦੀ ਹਾਈਕਮਾਨ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬੀ ਬਹਾਦਰ ਕੌਮ ਹੈ ਅਤੇ ਉਹ ਆਪਣੀ ਧਰਤੀ 'ਤੇ ਬਾਹਰੀ ਦਖ਼ਲਅੰਦਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਅੱਜ ਇੱਥੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਸ਼ਾਂਤ ਅਖ਼ਤਰ ਨੇ ਸਰਕਾਰ ਦੀ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਸਿਰ ਕਰੀਬ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੀ ਆਰਥਿਕਤਾ ਨਾਲ ਕੀਤੇ ਜਾ ਰਹੇ ਇਸ ਖਿਲਵਾੜ ਦਾ ਹਿਸਾਬ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਰੂਰ ਲੈਣਗੇ | ਇਸ ਮੌਕੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ, ਸਾਬਕਾ ਸਰਪੰਚ ਬੀਰ ਕਲ੍ਹਾਂ ਬਲਜਿੰਦਰ ਕੌਰ, ਐਡਵੋਕੇਟ ਅਜੇਵੀਰ ਸਿੰਘ ਚਹਿਲ, ਰਿੰਪਲ ਧਾਲੀਵਾਲ, ਮਲਕੀਤ ਸਿੰਘ ਗੁਰਾਇਆ ਤੋਲਾਵਾਲ, ਜਗਦੇਵ ਸਿੰਘ ਜੱਗਾ ਦੌਲਾ ਸਿੰਘ ਵਾਲਾ,ਬਲਵਿੰਦਰ ਸਿੰਘ ਧਾਲੀਵਾਲ, ਬਲਕਾਰ ਸਿੰਘ, ਕੁਲਵਿੰਦਰ ਸਿੰਘ ਕਿੰਦਾ ਕਮੋਮਾਜਰਾ ਕਲ੍ਹਾਂ, ਨਰੇਸ਼ ਸ਼ਰਮਾ, ਡਾ. ਸੋਮ ਨਾਥ ਅਤੇ ਸਸ਼ੀ ਰਾਣੀ ਆਦਿ ਮੌਜੂਦ ਸਨ |