ਸੰਦੌੜ, 3 ਫਰਵਰੀ (ਚੀਮਾ) - ਕਾਂਗਰਸ ਕਮੇਟੀ ਜ਼ਿਲ੍ਹਾ ਮਲੇਰਕੋਟਲਾ ਦੇ ਨਵ ਨਿਯੁਕਤ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਪੰਜਾਬ ਅਤੇ ਲੋਕ ਵਿਰੋਧੀ ਕਰਾਰ ਦਿੱਤਾ ਹੈ |ਉਨ੍ਹਾਂ ਕਿਹਾ ਕਿ ਕੇਂਦਰੀ ਸੱਤਾ 'ਤੇ ਬੈਠੀ ਹਕੂਮਤ ਨੇ ਇਸ ਬਜਟ ਵਿਚ ਕਿਸਾਨਾਂ, ਆਮ ਵਰਗ ਅਤੇ ਗਰੀਬ ਲੋਕਾਂ ਦੀ ਕੋਈ ਸਾਰ ਨਹੀਂ ਲਈ ਸਗੋਂ ਇਸ ਬਜਟ ਤੋਂ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਹੀ ਮਿਲੀ ਹੈ | ਪਿੰਡ ਸ਼ੇਰਗੜ੍ਹ ਚੀਮਾ ਵਿਖੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਗੱਲਬਾਤ ਕਰਦਿਆਂ ਬੀਬਾ ਨਿਸ਼ਾਤ ਅਖ਼ਤਰ ਨੇ ਕਿਹਾ ਕਿ ਦੇਸ਼ ਦੇ ਕਿਸਾਨ ਅਤੇ ਆਮ ਲੋਕ ਸਿੱਖਿਆ, ਸਿਹਤ ਅਤੇ ਬੇਰੁਜ਼ਗਾਰੀ ਵਰਗੀਆਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਕੇਂਦਰ ਸਰਕਾਰ ਇਨ੍ਹਾਂ ਭਖਦੇ ਹੋਏ ਮੁੱਦਿਆਂ 'ਤੇ ਪੂਰੀ ਤਰ੍ਹਾਂ ਚੁੱਪ ਬੈਠੀ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਦੇ ਚਾਰ ਸਾਲ ਦੇ ਸ਼ਾਸਨਕਾਲ ਬਾਰੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕਈ ਸਾਲਾਂ ਲਈ ਪਿੱਛੇ ਧੱਕ ਦਿੱਤਾ ਹੈ |ਪੰਜਾਬ ਸਿਰ ਕਰਜ਼ੇ ਦੀ ਪੰਡ ਇਨ੍ਹੀ ਭਾਰੀ ਕਰ ਦਿੱਤੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਕੰਗਾਲ ਹੋ ਚੁੱਕਾ ਹੈ |ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਕ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਜ਼ਰੂਰਤ ਹੈ ਜੋ ਕਿ ਕਾਂਗਰਸ ਪਾਰਟੀ ਹੀ ਇਸ ਜ਼ਰੂਰਤ ਨੂੰ ਪੂਰਾ ਕਰ ਸਕਦੀ ਹੈ | ਇਸ ਮੌਕੇ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫ਼ਾ ਵੀ ਉਨ੍ਹਾਂ ਦੇ ਨਾਲ ਸਨ | ਇਸ ਮੌਕੇ ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਝਨੇਰ, ਪੀ.ਏ ਦਰਬਾਰਾ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਚੀਮਾ ਆਦਿ ਹਾਜ਼ਰ ਸਨ |