ਲੌਂਗੋਵਾਲ, 6 ਫਰਵਰੀ (ਪ .ਪ .) - ਠੇਕਾ ਆਧਾਰਿਤ ਕਾਮਿਆਂ ਵਲੋਂ ਆਪਣੀਆਂ ਮੰਗਾਂ ਲਈ ਵਿੱਢੇ ਹੋਏ ਸੰਘਰਸ਼ ਤਹਿਤ 7 ਜਨਵਰੀ (ਸ਼ਨੀਵਾਰ) ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਦੀ ਅਨਾਜ ਮੰਡੀ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਅਤੇ ਰੈਲੀ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਸੀਵਰੇਜ ਕਾਮਿਆਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਕੱਚੇ ਕਾਮੇ ਠੇਕੇਦਾਰਾਂ, ਕੰਪਨੀਆਂ ਸੁਸਾਇਟੀਆਂ, ਆਊਟਸੋਰਸ, ਇਨਲਿਸਟਮੈਂਟ, ਡੇਲੀ ਵੇਜ ਜਾਂ ਹੋਰ ਕਿਸੇ ਵੀ ਵਿਧੀ ਰਾਹੀਂ ਪਿਛਲੇ ਵੀਹ ਵੀਹ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਹਨ, ਦਾ ਠੇਕੇਦਾਰਾਂ ਵਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ , ਆਪ ਸਰਕਾਰ ਦੇ ਚਾਰ ਸਾਲ ਬੀਤ ਚੁੱਕੇ ਹਨ ਅਤੇ ਸਰਕਾਰ ਅੱਜ ਤੱਕ ਟਾਲ ਮਟੋਲੇ ਕਰਦੀ ਆ ਰਹੀ ਹੈ | ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੂੰ 40 ਵਾਰ ਲਿਖਤੀ ਮੀਟਿੰਗਾਂ ਦੇ ਕੇ ਮੁੱਖ ਮੰਤਰੀ ਸਾਹਿਬ ਮੁੱਕਰ ਚੁੱਕੇ ਹਨ | ਸਰਕਾਰ ਦੇ ਇਸ ਰਵਈਏ ਤੋਂ ਤੰਗ ਆ ਕੇ ਭਲਕੇ ਦਿੜ੍ਹਬਾ ਵਿਚ ਰੋਸ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਵੀ ਸ਼ਮੂਲੀਅਤ ਕਰਨਗੀਆਂ |