25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਅਸਲ ਮੁੱਦਿਆਂ ਦੀ ਬਜਾਏ 'ਹਉਮੈ' ਦੀ ਲੜਾਈ ਲੜ ਰਹੇ ਨੇ ਆਗੂ-ਢੀਂਡਸਾ <br/>

Ad Position 21
No active advertisement
ਅਜੀਤ ਡੈਸਕ 23-02-2026
ਸੁਨਾਮ ਊਧਮ ਸਿੰਘ ਵਾਲਾ, 22 ਫਰਵਰੀ (ਧਾਲੀਵਾਲ, ਭੁੱਲਰ) - ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬੇ ਦੀ ਸਿਆਸੀ ਲੀਡਰਸ਼ਿਪ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਹੈ ਕਿ ਅੱਜ ਪੰਜਾਬ ਦੇ ਹਿੱਤਾਂ ਦੀ ਕੋਈ ਵੀ ਗੱਲ ਨਹੀਂ ਕਰ ਰਿਹਾ ਸਗੋਂ ਸਿਆਸੀ ਪਾਰਟੀਆਂ ਦੇ ਆਗੂ ਸਿਰਫ਼ ਆਪਣੀ 'ਹਉਮੈ' ਅਤੇ ਹੋਂਦ ਬਚਾਉਣ ਦੀ ਲੜਾਈ 'ਚ ਰੁੱਝੇ ਹੋਏ ਹਨ, ਜਦੋਂ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ 'ਸੂਲੀ 'ਤੇ ਟੰਗ' ਦਿੱਤਾ ਗਿਆ ਹੈ | ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਚੌਹਾਨ ਦਾ ਹਾਲ-ਚਾਲ ਪੁੱਛਣ ਪਹੁੰਚੇ ਢੀਂਡਸਾ ਨੇ ਮੌਜੂਦਾ ਹਾਲਾਤ 'ਤੇ ਵਰ੍ਹਦਿਆਂ ਕਿਹਾ ਕਿ ਸਿਆਸਤ ਹੁਣ ਸਿਰਫ਼ ਖੋਖਲੇ ਨਾਅਰਿਆਂ ਅਤੇ ਸਲੋਗਨਾਂ ਤੱਕ ਸਿਮਟ ਕੇ ਰਹਿ ਗਈ ਹੈ | ਪੰਜਾਬ ਗੰਭੀਰ ਸੰਕਟ ਵਿਚ ਹੈ ਪਰ ਆਗੂ ਆਪਣੀ ਸਿਆਸਤ ਚਮਕਾਉਣ ਵਿਚ ਮਸਤ ਹਨ | ਢੀਂਡਸਾ ਨੇ ਸੁਖਬੀਰ ਸਿੰਘ ਬਾਦਲ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੱਦੀ ਫ਼ਿਤਰਤ ਕਾਰਨ ਅੱਜ ਅਕਾਲੀ ਦਲ ਦੀ ਸਥਿਤੀ ਗੁੰਝਲਦਾਰ ਹੋ ਚੁੱਕੀ ਹੈ | ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਸੰਵੇਦਨਸ਼ੀਲ ਮਾਮਲੇ ਅਤੇ ਪੰਥਕ ਮਸਲੇ ਲਟਕ ਰਹੇ ਹਨ, ਪਰ ਲੀਡਰਸ਼ਿਪ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਹੈ | ਬਿਕਰਮ ਮਜੀਠੀਆ ਵਲੋਂ ਅਕਾਲੀ ਦਲਾਂ ਵਿਚ ਏਕਤਾ ਦੀਆਂ ਗੱਲਾਂ ਨੂੰ ਉਨ੍ਹਾਂ ਨੇ ਸਿਰਫ਼ 'ਡਰਾਮੇਬਾਜ਼ੀ' ਕਰਾਰ ਦਿੱਤਾ | ਕਿਸਾਨੀ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਢੀਂਡਸਾ ਨੇ ਕਿਹਾ ਕਿ ਮਾਨ ਸਰਕਾਰ ਦੀ ਮਾਨਸਿਕਤਾ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਅਤੇ ਦਮਨਕਾਰੀ ਹੋ ਚੁੱਕੀ ਹੈ | ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮੰਦਭਾਗਾ ਦੌਰ ਹੈ | ਉਨ੍ਹਾਂ ਕਿਹਾ ਕਿ 'ਅਕਾਲੀ ਦਲ ਪੁਨਰ ਸੁਰਜੀਤ' ਦੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸਬੰਧੀ ਕਾਰਵਾਈ ਜਾਰੀ ਹੈ | ਉਨ੍ਹਾਂ ਕਿਹਾ ਕਿ ਆਗਾਮੀ ਹੋਲਾ-ਮਹੱਲਾ ਦੌਰਾਨ ਪਾਰਟੀ ਪੂਰੀ ਤਿਆਰੀ ਨਾਲ ਮੈਦਾਨ 'ਚ ਨਿੱਤਰੇਗੀ ਅਤੇ ਆਪਣੀ ਸਿਆਸੀ ਸ਼ਕਤੀ ਦਾ ਪ੍ਰਦਰਸ਼ਨ ਕਰੇਗੀ | ਇਸ ਮੌਕੇ ਰਵਿੰਦਰ ਗੋਰਖਾ ਅਤੇ ਠੇਕੇਦਾਰ ਬਲਜਿੰਦਰ ਸਿੰਘ ਕਾਕਾ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਿਹਤ ਜਾਂਚ ਕੈਂਪ ਦੌਰਾਨ 98 ਮਰੀਜ਼ਾਂ ਨੇ ਕੈਂਪ ਦਾ ਲਾਭ ਉਠਾਇਆ ਅਗਲੀ ਖ਼ਬਰ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ
Ad Position 24