ਗੁਰੂਹਰਸਹਾਏ, 22 ਫਰਵਰੀ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਸੰਕਟ ਮੋਚਨ ਪੰਚਮੁਖੀ ਹਨੁਮਾਨ ਮੰਦਰ ਮੋਂਗਾ ਸਟਰੀਟ ਗੁਰੂਹਰਸਹਾਏ ਵਿਖੇ 24 ਫਰਵਰੀ ਤੋਂ 2 ਮਾਰਚ ਸੋਮਵਾਰ ਤੱਕ ਸ਼ਰਧਾ ਨਾਲ ਸ੍ਰੀਮਦ ਭਾਗਵਤ ਪੁਰਾਣ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ | ਧਾਰਮਿਕ ਸਮਾਗਮ ਨੂੰ ਲੈ ਕੇ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੀਆ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ | ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਸ਼ਰਮਾ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਕਥਾ ਦਾ ਸਮਾਂ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ | ਇਸ ਪਵਿੱਤਰ ਕਥਾ ਦਾ ਵਿਆਖਿਆਨ ਕਰਨ ਲਈ ਪ੍ਰਸਿੱਧ ਸੰਤ ਮਹਾਤਮਾ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਸੁਆਮੀ ਸਤਿਆਨੰਦ ਗਿਰੀ ਜੀ, ਕਲਿਆਣ ਆਸ਼ਰਮ ਹਰਿਦੁਆਰ ਵਾਲੇ, ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਉਨ੍ਹਾਂ ਦੀ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਹੋਰ ਵੀ ਵਧੇਗੀ | ਮੰਦਰ ਕਮੇਟੀ ਵਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਵੱਡੀ ਗਿਣਤੀ ਵਿਚ ਸੰਗਤ ਵਲੋਂ ਮੰਦਰ ਵਿਖੇ ਪਹੁੰਚ ਕੇ ਕਥਾ ਦਾ ਲਾਭ ਪ੍ਰਾਪਤ ਕੀਤਾ ਜਾਵੇ ਤੇ ਆਪਣੇ ਜੀਵਨ ਨੂੰ ਧਾਰਮਿਕ ਰੰਗ 'ਚ ਰੰਗਿਆ ਜਾਵੇ | ਜੀਵਨ ਨੂੰ ਸਫਲ ਬਣਾਇਆ ਜਾਵੇ | ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਬੈਠਕ ਤੇ ਪਾਣੀ ਆਦਿ ਦੀ ਵਿਵਸਥਾ ਵੀ ਕੀਤੀ ਗਈ ਹੈ | ਸ਼ਹਿਰ ਵਾਸੀਆਂ 'ਚ ਇਸ ਧਾਰਮਿਕ ਆਯੋਜਨ ਨੂੰ ਲੈ ਕੇ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਸਭ ਲੋਕ ਇਸ ਪਵਿੱਤਰ ਅਵਸਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ |